ਰਾਮਗੜ੍ਹ ਸੀਕਰੀ, 1 ਫਰਵਰੀ (ਕਟੋਚ)- ਸੂਬੇ ਦੀਆਂ ਸਰਵ ਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ ਸੂਬਾ ਸਰਕਾਰ ਵਲੋਂ 5 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਦਿੱਤੀ ਜਾਵੇਗੀ ਜਿਸ ਲਈ ਸਰਕਾਰ ਵਲੋਂ ਫ਼ੰਡ ਜਾਰੀ ਕਰ ਦਿੱਤੇ ਗਏ ਹਨ | ਉਕਤ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ ਨੇ ਦੱਸਿਆ ਕਿ ਸਾਲ 2024 ਨੂੰ ਪੰਚਾਇਤਾਂ ਦੀਆਂ ਚੋਣਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਰਵ ਸੰਮਤੀ ਨਾਲ ਬਣਨ ਵਾਲੀਆਂ ਪੰਚਾਇਤਾਂ ਲਈ ਵਿਸ਼ੇਸ਼ ਗਰਾਂਟ ਦੇਣ ਦਾ ਐਲਾਨ ਕੀਤਾ ਗਿਆ ਸੀ ਜਿਸ 'ਤੇ ਅਮਲ ਕਰਦਿਆਂ ਸਰਕਾਰ ਨੇ ਫ਼ੰਡ ਜਾਰੀ ਕਰ ਦਿੱਤੇ ਹਨ | ਐਡ. ਘੁੰਮਣ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਉਕਤ ਐਲਾਨ ਪਿੰਡਾਂ ਵਿਚ ਸਮਾਜਿਕ ਭਾਈਚਾਰਾ ਕਾਇਮ ਰੱਖਣ ਦੇ ਉਦੇਸ਼ ਨਾਲ ਕੀਤਾ ਸੀ | ਉਨ੍ਹਾਂ ਦੱਸਿਆ ਕਿ ਬਲਾਕ ਤਲਵਾੜਾ ਅਧੀਨ ਕਰੀਬ ਅੱਧੀ ਦਰਜਨ ਪੰਚਾਇਤਾਂ ਦੀ ਚੋਣ ਸਰਵਸੰਮਤੀ ਨਾਲ ਹੋਈ ਸੀ ਜਿਨ੍ਹਾਂ ਨੂੰ 5 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਜਾਵੇਗੀ |