ਸ਼ਾਮਚੁਰਾਸੀ, 20 ਫਰਵਰੀ (ਗੁਰਮੀਤ ਸਿੰਘ ਖ਼ਾਨਪੁਰੀ)-ਗੁਰਦੁਆਰਾ ਈਸ਼ਰਪੁਰੀ ਰਾੜਾ ਸਾਹਿਬ ਸ਼ਾਮਚੁਰਾਸੀ ਵਿਖੇ ਸੰਤ ਬਾਬਾ ਰਣਜੋਧ ਸਿੰਘ ਦੀ ਯਾਦ ਨੂੰ ਸਮਰਪਿਤ 3 ਦਿਨਾਂ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੌਰਾਨ ਸਮਾਗਮ ਦੇ ਅੰਤਿਮ ਦਿਨ ਵਿਸ਼ੇਸ਼ ਕੀਰਤਨ ਦਰਬਾਰ ਸਜਾਏ ਗਏ, ਜਿਸ 'ਚ ਪੰਥ ਦੇ ਪ੍ਰਸਿੱਧ ਰਾਗੀ ਜਥਿਆਂ ਨੇ ਹਾਜ਼ਰੀਆਂ ਭਰੀਆਂ | ਹਜ਼ੂਰੀ ਰਾਗੀ ਭਾਈ ਅਮਨਦੀਪ ਸਿੰਘ, ਅੰਮਿ੍ਤਸਰ ਵਾਲੇ ਭਾਈ ਜਬਰਤੋੜ ਸਿੰਘ, ਬਾਬਾ ਲਾਲ ਸਿੰਘ ਧੀਣਾ ਵਾਲੇ, ਬਾਬਾ ਜੋਗਾ ਸਿੰਘ ਰਾਮੂ ਥਿਆੜਾ ਵਾਲੇ, ਭਾਈ ਚਮਕੌਰ ਸਿੰਘ ਫਤਹਿਗੜ੍ਹ ਸਾਹਿਬ ਅਤੇ ਭਾਈ ਗੁਰਪ੍ਰੀਤ ਸਿੰਘ ਦੇ ਜਥਿਆਂ ਨੇ ਇਲਾਹੀ ਬਾਣੀ ਦੇ ਮਨੋਹਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਿੱਖ ਚਿੰਤਕ ਭਗਵਾਨ ਸਿੰਘ ਜੌਹਲ ਨੇ ਸੰਤ ਬਾਬਾ ਰਣਜੋਧ ਸਿੰਘ ਦੇ ਜੀਵਨ 'ਤੇ ਚਾਨਣਾ ਪਾਇਆ | ਮੌਜੂਦਾ ਮੁੱਖ ਸੇਵਾਦਾਰ ਬਾਬਾ ਧਰਮ ਸਿੰਘ ਨੇ ਸਮੂਹ ਸੇਵਕਾਂ, ਕੀਰਤਨੀ ਜਥਿਆਂ ਅਤੇ ਦੇਸ਼-ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ |