ਅੱਡਾ ਸਰਾਂ, 21 ਫਰਵਰੀ (ਹਰਜਿੰਦਰ ਸਿੰਘ ਮਸੀਤੀ)-ਪੰਜਾਬ ਦੀ ਮਿੱਟੀ ਨਾਲ ਮੋਹ ਰੱਖਣ ਵਾਲੇ ਪ੍ਰਵਾਸੀ ਪੰਜਾਬੀਆਂ ਦਾ ਪਿੰਡਾਂ ਦੇ ਬਹੁਪੱਖੀ ਵਿਕਾਸ ਅਤੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਵਿਚ ਅਹਿਮ ਯੋਗਦਾਨ ਹੈ | ਇਹ ਪ੍ਰਗਟਾਵਾ ਸਰਕਾਰੀ ਹਾਈ ਸਕੂਲ ਦੇਹਰੀਵਾਲ ਦੇ ਵੇਟਲਿਫਟਿੰਗ ਸੈਂਟਰ ਦੇ ਕੋਚ ਅਤੇ ਮੁੱਖ ਪ੍ਰਬੰਧਕ ਬਲਜਿੰਦਰ ਸਿੰਘ ਭਿੰਡਰ ਨੇ ਕੀਤਾ | ਉਹ ਇਸ ਮੌਕੇ ਪਿੰਡ ਦੇਹਰੀਵਾਲ 'ਚ ਬੇਸਹਾਰਿਆਂ ਲਈ ਗੁਰੂ ਨਾਨਕ ਬਿਰਧ ਆਸ਼ਰਮ ਚਲਾਉਣ ਵਾਲੇ ਪ੍ਰਵਾਸੀ ਪੰਜਾਬੀ ਉੱਘੇ ਖੇਡ ਪ੍ਰਮੋਟਰ ਜਵਾਹਰ ਸਿੰਘ ਪੱਡਾ ਨਾਲ ਸੈਂਟਰ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਚਰਚਾ ਕਰ ਰਹੇ ਸਨ | ਇਸ ਮੌਕੇ ਭਿੰਡਰ ਨੇ ਪੱਡਾ ਨੂੰ ਸੈਂਟਰ ਦੀਆਂ ਕੌਮੀ ਪੱਧਰ 'ਤੇ ਕੀਤੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਪੰਜਾਬ ਦੀ ਉਪਜਾਊ ਧਰਤੀ ਅਤੇ ਮਿੱਟੀ ਦੀ ਖ਼ੁਸ਼ਬੂ ਨਾਲ ਜੁੜੇ ਪ੍ਰਵਾਸੀ ਪੰਜਾਬੀ ਭਾਵੇਂ ਵਿਦੇਸ਼ਾਂ ਵਿਚ ਵੱਸਦੇ ਹਨ, ਪਰ ਉਨ੍ਹਾਂ ਦੇ ਦਿਲਾਂ ਵਿਚ ਆਪਣੇ ਪਿੰਡ ਅਤੇ ਮਾਤ-ਭੂਮੀ ਲਈ ਪਿਆਰ ਅਟੁੱਟ ਹੈ | ਇਸ ਮੌਕੇ ਜਵਾਹਰ ਪੱਡਾ ਅਤੇ ਗੁਰਨਾਮ ਸਿੰਘ ਪੱਡਾ ਨੇ ਸਕੂਲ ਨੈਸ਼ਨਲ ਖੇਡਾਂ ਵਿਚੋਂ ਮੈਡਲ ਹਾਸਲ ਕਰਨ ਵਾਲੇ ਸੈਂਟਰ ਦੇ ਲਿਫਟਰ ਮਨਤੇਜ ਸਿੰਘ ਭਿੰਡਰ ਅਤੇ ਹੋਰਨਾਂ ਖਿਡਾਰੀਆਂ ਦਾ ਸਨਮਾਨ ਕੀਤਾ ਅਤੇ ਭਵਿੱਖ ਵਿਚ ਵੀ ਮਦਦ ਦਾ ਮਿਸ਼ਨ ਜਾਰੀ ਰੱਖਣ ਦਾ ਭਰੋਸਾ ਦਿੱਤਾ | ਮਨਦੀਪ ਸਿੰਘ, ਰਮਨਦੀਪ ਸਿੰਘ, ਹਰਦਿਆਲ ਸਿੰਘ, ਨੰਬਰਦਾਰ ਉਂਕਾਰ ਸਿੰਘ ਆਦਿ ਮੌਜੂਦ ਸਨ |
ਪ੍ਰਵਾਸੀ ਪੰਜਾਬੀ ਪੱਡਾ ਨਾਲ ਦੇਹਰੀਵਾਲ ਵੇਟ ਲਿਫ਼ਟਿੰਗ ਸੈਂਟਰ ਦੇ ਪ੍ਰਬੰਧਕ ਨੇ ਕੀਤੀ ਮੁਲਾਕਾਤ
ਅਜੀਤ ਡੈਸਕ
22-02-2026