ਬੀਣੇਵਾਲ, 22 ਫਰਵਰੀ (ਬੈਜ ਚੌਧਰੀ)-ਬੀਤੇ ਦਿਨੀਂ ਬੀਤ ਇਲਾਕੇ ਦੇ ਪਿੰਡ ਕਾਣੇਵਾਲ ਵਿਚ ਇਕ ਵਿਆਹੁਤਾ ਵਲੋਂ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਤੁਰੰਤ ਐਕਸ਼ਨ ਕਰਦਿਆਂ ਮਿ੍ਤਕਾ ਦੇ ਪਤੀ ਅਸ਼ਵਨੀ ਕੁਮਾਰ, ਜੇਠ ਅਸ਼ੋਕ ਕੁਮਾਰ ਸ਼ੋਕੀ ਦੋਵੇਂ ਪੁੱਤਰਾਨ ਮਹਿੰਦਰ ਪਾਲ ਅਤੇ ਸੱਸ ਤਾਰੇ ਦੇਵੀ ਪਤਨੀ ਮਹਿੰਦਰ ਪਾਲ ਵਾਸੀ ਕਾਣੇਵਾਲ ਨੂੰ ਗਿ੍ਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ | ਅਦਾਲਤ ਵੱਲੋਂ ਕਥਿਤ ਦੋਸ਼ੀਆਂ ਨੂੰ 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਗਿਆ | ਇਸ ਸਾਰੇ ਮਾਮਲੇ ਵਾਰੇ ਪੁਲਿਸ ਚੌਕੀ ਬੀਣੇਵਾਲ ਦੇ ਇੰਚਾਰਜ ਉਂਕਾਰ ਸਿੰਘ ਏ ਐਸ ਆਈ ਨੇ ਦੱਸਿਆ ਕਿ ਮਿ੍ਤਕਾ ਦੀ ਮਾਤਾ ਪੁਸ਼ਪਾ ਰਾਣੀ ਪਤਨੀ ਲੇਟ ਪਰਵਿੰਦਰ ਕੁਮਾਰ ਨਿਵਾਸੀ ਛੂਛੇਵਾਲ ਹਾਲ ਨਿਵਾਸੀ ਰੌੜੀ ਥਾਣਾ ਪੋਜੇਵਾਲ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦੀ ਪੁੱਤਰੀ ਸਰੋਜ ਬਾਲਾ (25)ਦਾ ਵਿਆਹ ਫਰਵਰੀ 2023 ਨੂੰ ਹੋਇਆ ਸੀ ਤੇ ਅਸੀਂ ਹੈਸੀਅਤ ਮੁਤਾਬਿਕ ਦਾਜ ਦਿੱਤਾ ਸੀ | ਪਰ ਸਹੁਰਾ ਪਰਿਵਾਰ ਅਕਸਰ ਦਾਜ ਦੀ ਮੰਗ ਬਦਲੇ ਮੇਰੀ ਲੜਕੀ ਨਾਲ ਕੁੱਟਮਾਰ ਕਰਦੇ ਸਨ | ਕਈ ਵਾਰੀ ਪੰਚਾਇਤ ਵਿਚ ਸਮਝੌਤੇ ਵੀ ਹੋਏ | ਪਰ ਸਹੁਰਾ ਪਰਿਵਾਰ ਮੇਰੀ ਲੜਕੀ ਨੂੰ ਦਾਜ ਲਈ ਤੰਗ ਪਰੇਸ਼ਾਨ ਕਰਦਾ ਰਿਹਾ | ਫਿਰ 16 ਫਰਵਰੀ 2026 ਨੂੰ ਮੇਰੀ ਲੜਕੀ ਸਰੋਜ ਬਾਲਾ ਮੇਰੇ ਘਰ ਆਈ ਤੇ ਕਹਿਣ ਲੱਗੀ ਕਿ ਮੇਰੇ ਪੁੱਤਰ ਗਿਆਨ ਦੇਵ (2 ਸਾਲ) ਦਾ ਖ਼ਿਆਲ ਰੱਖਿਓ ਤੇ ਉਹ ਉਲਟੀਆਂ ਕਰਨ ਲੱਗ ਪਈ | ਅਸੀਂ ਸਰੋਜ ਬਾਲਾ ਨੂੰ ਲੈ ਕੇ ਪਹਿਲਾ ਸਰਕਾਰੀ ਹਸਪਤਾਲ ਸੜੋਆ ਲੈ ਕੇ ਗਏ ਅਤੇ ਹਸਪਤਾਲ ਵਾਲਿਆਂ ਦੇ ਜਵਾਬ ਦੇਣ ਤੇ ਨਵਾਂਸ਼ਹਿਰ ਲੈ ਕੇ ਗਏ ਪਰ ਸਰੋਜ ਬਾਲਾ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ | ਪੁਲਿਸ ਨੇ ਪੁਸ਼ਪਾ ਰਾਣੀ ਦੇ ਬਿਆਨਾ ਤੇ ਮਿ੍ਤਕਾ ਦੇ ਪਤੀ ਅਸ਼ਵਨੀ ਕੁਮਾਰ, ਜੇਠ ਅਸ਼ੋਕ ਕੁਮਾਰ,ਸੱਸ ਤਾਰੋ ਦੇਵੀ ਅਤੇ ਨਣਦਾਂ ਪਮੋਂ ਵਾਸੀ ਡੱਲੇਵਾਲ,ਕਾਕੀ ਵਾਸੀ ਨਵਾਂ ਗਰਾਂ ਅਤੇ ਰੇਖਾ ਪਤਨੀ ਕਾਲਾ ਵਾਸੀ ਛੂਛੇਵਾਲ ਸਮੇਤ ਛੇ ਲੋਕਾਂ ਵਿਰੁੱਧ ਮਾਮਲਾ ਦਰਜ ਕਰਕੇ ਤਿੰਨ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ 14 ਦਿਨ ਲਈ ਜੇਲ੍ਹ ਭੇਜ ਦਿੱਤਾ ਗਿਆ |