ਹੁਸ਼ਿਆਰਪੁਰ, 22 ਫਰਵਰੀ (ਨਰਿੰਦਰ ਸਿੰਘ ਬੱਡਲਾ)-ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਪਿੰਡ ਰਾਮਪੁਰ ਸਥਿਤ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਿਚ ਮੱਥਾ ਟੇਕ ਕੇ ਆਪਣੇ ਵਿਧਾਨ ਸਭਾ ਖੇਤਰ ਚੱਬੇਵਾਲ ਅਤੇ ਸੂਬੇ ਦੀ ਸੁਖ-ਸਮਿ੍ੱਧੀ ਲਈ ਅਰਦਾਸ ਕੀਤੀ | ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਵਿਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕੰਮ ਕਰ ਰਹੀਆਂ ਟੀਮਾਂ ਦੇ ਕਾਰਜਾਂ ਦਾ ਜਾਇਜ਼ਾ ਲਿਆ | ਇਸ ਮੌਕੇ ਵਿਧਾਇਕ ਨੇ ਦੱਸਿਆ ਕਿ ਵਿਧਾਨ ਸਭਾ ਖੇਤਰ ਦੇ ਵੱਖ-ਵੱਖ ਪਿੰਡਾਂ ਵਿਚ ਖ਼ਾਸ ਟੀਮਾਂ ਘਰ-ਘਰ ਜਾ ਕੇ ਲੋਕਾਂ ਦੀ ਆਨਲਾਈਨ ਰਜਿਸਟਰੇਸ਼ਨ ਕਰ ਰਹੀਆਂ ਹਨ ਅਤੇ ਮੌਕੇ 'ਤੇ ਹੀ ਉਨ੍ਹਾਂ ਦੇ ਹੈਲਥ ਕਾਰਡ ਤਿਆਰ ਕਰਕੇ ਦੇ ਰਹੀਆਂ ਹਨ | ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਨੇ ਅਜੇ ਤੱਕ ਰਜਿਸਟਰੇਸ਼ਨ ਨਹੀਂ ਕਰਵਾਇਆ, ਉਹ ਇਸ ਸਹੂਲਤ ਦਾ ਲਾਭ ਜ਼ਰੂਰ ਲੈਣ | ਟੀਮਾਂ ਆਧਾਰ ਕਾਰਡ ਅਤੇ ਹੋਰ ਲੋੜੀਂਦੇ ਦਸਤਾਵੇਜ਼ਾਂ ਦੇ ਆਧਾਰ 'ਤੇ ਆਨਲਾਈਨ ਅਰਜ਼ੀ ਪ੍ਰਕਿਰਿਆ ਪੂਰੀ ਕਰ ਰਹੀਆਂ ਹਨ, ਤਾਂ ਜੋ ਯੋਗ ਵਿਅਕਤੀਆਂ ਨੂੰ ਤੁਰੰਤ ਯੋਜਨਾ ਨਾਲ ਜੋੜਿਆ ਜਾ ਸਕੇ | ਡਾ. ਈਸ਼ਾਂਕ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਦਾ ਮੁੱਖ ਉਦੇਸ਼ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਸਿਹਤ ਸੁਰੱਖਿਆ ਪ੍ਰਦਾਨ ਕਰਨਾ ਹੈ | ਵਿਧਾਇਕ ਨੇ ਸੰਬੰਧਿਤ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਸੌਖੀ ਰੱਖੀ ਜਾਵੇ ਅਤੇ ਕੋਈ ਵੀ ਯੋਗ ਵਿਅਕਤੀ ਯੋਜਨਾ ਤੋਂ ਵਾਂਝਾ ਨਾ ਰਹੇ |
ਵਿਧਾਇਕ ਡਾ. ਇਸ਼ਾਂਕ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਕੰਮ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ
ਅਜੀਤ ਡੈਸਕ
23-02-2026