ਬੀਣੇਵਾਲ, 22 ਫਰਵਰੀ (ਬੈਜ ਚੌਧਰੀ)-ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਹਿਮਾਚਲ ਪ੍ਰਦੇਸ਼ ਵਿਚ ਦਾਖਲ ਹੋਣ ਵਾਲੇ ਵਾਹਨਾਂ 'ਤੇ ਲਗਾਏ ਜਾ ਰਹੇ ਐਂਟਰੀ ਟੈਕਸ ਵਿਚ ਬੇਤਹਾਸ਼ਾ ਵਾਧਾ ਕਰਨ ਦਾ ਬੀਤ ਇਲਾਕੇ ਦੇ ਲੋਕਾਂ ਨੇ ਸਖ਼ਤ ਨੋਟਿਸ ਲਿਆ ਹੈ | ਅਜੀਤ ਨਾਲ ਗੱਲਬਾਤ ਕਰਦਿਆਂ ਬੀਤ ਇਲਾਕੇ ਦੇ ਸਾਬਕਾ ਸਰਪੰਚ ਮਲਕੋਵਾਲ ਸ.ਅਵਤਾਰ ਸਿੰਘ ਭੱਠਲ,ਸਮਾਜ ਸੇਵਕ ਅਮਨਦੀਪ ਚੇਚੀ ਬੀਣੇਵਾਲ, ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਰਾਜ ਕੁਮਾਰ ਰਾਣਾ, ਰਾਜਵਿੰਦਰ ਸਿੰਘ ਸਾਬਕਾ ਸਰਪੰਚ ਝੋਣੋਵਾਲ ਅਤੇ ਹਿਮਾਚਲ ਪ੍ਰਦੇਸ਼ ਦੀ ਹੱਦ ਨਾਲ ਲੱਗਦੇ ਪਿੰਡ ਮੈਹਿੰਦਵਾਣੀ ਦੇ ਸਾਬਕਾ ਸਰਪੰਚ ਕੁਲਭੂਸ਼ਨ ਕੁਮਾਰ ਨੇ ਦੱਸਿਆ ਕਿ ਬੀਤ ਇਲਾਕੇ ਦੇ ਸਾਰੇ ਲੋਕਾਂ ਦੀਆਂ ਰਿਸ਼ਤੇਦਾਰੀਆਂ ਪੰਜਾਬ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਪਿੰਡਾਂ(ਤਹਿਸੀਲ ਹਰੋਲੀ) ਵਿਚ ਹਨ ਅਤੇ ਲੋਕਾਂ ਨੂੰ ਅਕਸਰ ਖੁੱਸੀ ਗ਼ਮੀ ਦੇ ਮੌਕੇ ਰਿਸ਼ਤੇਦਾਰੀਆਂ ਵਿਚ ਹਿਮਾਚਲ ਪ੍ਰਦੇਸ਼ ਜਾਣਾ ਪੈਂਦਾ ਹੈ ਪਰ ਸਰਕਾਰ ਵੱਲੋਂ ਹਰ ਛੋਟੇ ਵੱਡੇ ਵਾਹਨ ਤੇ ਲੱਗਣ ਵਾਲੀ ਪਰਚੀ ਦਾ ਰੇਟ ਬਹੁਤ ਵਧਾ ਦਿੱਤਾ ਹੈ | ਜਿਸ ਨਾਲ ਬੀਤ ਇਲਾਕੇ ਦੇ ਲੋਕਾਂ ਲਈ ਰਿਸ਼ਤੇਦਾਰੀਆਂ ਵਿਚ ਜਾਣਾ ਵੀ ਮਹਿੰਗਾ ਹੋ ਗਿਆ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਕਾਰ ਦਾ ਐਂਟਰੀ ਟੈਕਸ ਸਿਰਫ਼ 70 ਰੁਪਏ ਸੀ ਜੋ ਕਿ ਹੁਣ ਵਧਾ ਕੇ 170 ਰੁਪਏ ਕਰ ਦਿੱਤੀ ਹੈ | ਇਸੇ ਤਰਾਂ ਵੱਡੀਆਂ ਕਾਰਾਂ,ਬੱਸਾਂ,ਟਰੱਕਾਂ ਤੇ ਹੋਰ ਵਾਹਨਾਂ ਤੇ ਲਗਾਈ ਜਾਣ ਵਾਲੀ ਐਂਟਰੀ ਫ਼ੀਸ ਵੀ ਬਹੁਤ ਵਧਾ ਦਿੱਤੀ ਹੈ | ਆਗੂਆਂ ਨੇ ਕਿਹਾ ਕਿ ਇਸ ਵਾਧੇ ਨਾਲ ਬੀਤ ਇਲਾਕੇ ਦੇ ਲੋਕਾਂ ਦੀ ਜੇਬ ਤੇ ਭਾਰੀ ਅਸਰ ਪਵੇਗਾ | ਲਿਹਾਜ਼ਾ ਇਹ ਟੈਕਸ ਪਹਿਲਾਂ ਵਾਲੀ ਤਰਜ਼ ਤੇ ਲਗਾਇਆ ਜਾਵੇ | ਆਗੂਆਂ ਨੇ ਅੱਗੇ ਕਿਹਾ ਕਿ ਜੇਕਰ ਹਿਮਾਚਲ ਪ੍ਰਦੇਸ਼ ਸਰਕਾਰ ਨੇ ਬੀਤ ਇਲਾਕੇ ਦੇ ਲੋਕਾਂ ਦੀ ਸੁਣਵਾਈ ਨਾ ਕੀਤੀ ਤਾਂ ਹਿਮਾਚਲ ਹੱਦ ਤੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ |