ਟੈਲੀ-ਮਨਾਸ ਹੈਲਪਲਾਈਨ ਰਾਹੀਂ ਮਾਨਸਿਕ ਸਿਹਤ ਸਹਾਇਤਾ ਨੂੰ ਮਿਲ ਰਿਹੈ ਵੱਡਾ ਹੁਲਾਰਾ- ਡਾ. ਗਰਗ
ਅਜੀਤ ਡੈਸਕ
24-02-2026
ਹੁਸ਼ਿਆਰਪੁਰ, 23 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਟੈਲੀ-ਮਨਾਸ ਹੈਲਪ ਲਾਈਨ ਪੰਜਾਬ ਵਿਚ ਮਾਨਸਿਕ ਸਿਹਤ ਸਹਾਇਤਾ ਨੂੰ ਮਜ਼ਬੂਤ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਸਿਵਲ ਸਰਜਨ-ਕਮ-ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਨੇ ਦੱਸਿਆ ਕਿ ਇਸ ਹੈਲਪ ਲਾਈਨ 'ਤੇ ਹੁਣ ਤੱਕ 35000 ਤੋਂ ਵੱਧ ਕਾਲਾਂ ਪ੍ਰਾਪਤ ਹੋ ਚੁੱਕੀਆਂ ਹਨ, ਜਿੱਥੇ ਲੋਕਾਂ ਨੇ ਮਾਨਸਿਕ ਸਲਾਹ, ਭਾਵਨਾਤਮਕ ਸਹਾਇਤਾ ਅਤੇ ਮਨੋਵਿਗਿਆਨਕ ਮਦਦ ਲਈ ਸੰਪਰਕ ਕੀਤਾ | ਟੈਲੀ-ਮਨਾਸ ਭਾਰਤ ਸਰਕਾਰ ਦੀ ਨੈਸ਼ਨਲ ਟੈਲੀ ਮੈਨਟਲ ਹੈਲਥ ਪ੍ਰੋਗਰਾਮ ਹੇਠ ਇਕ ਮਹੱਤਵਪੂਰਨ ਪਹਿਲ ਹੈ, ਜਿਸ ਦਾ ਉਦੇਸ਼ ਦੇਸ਼ ਭਰ ਦੇ ਲੋਕਾਂ ਨੂੰ ਮੁਫ਼ਤ, ਗੁਪਤ ਅਤੇ 24 ਘੰਟੇ ਮਾਨਸਿਕ ਸਿਹਤ ਸਹਾਇਤਾ ਪ੍ਰਦਾਨ ਕਰਨਾ ਹੈ | ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਸਿਹਤ ਦੀ ਪਰਿਭਾਸ਼ਾ ਸਿਰਫ਼ ਬਿਮਾਰੀ ਦੀ ਗੈਰ-ਹਾਜ਼ਰੀ ਨਹੀਂ, ਸਗੋਂ ਪੂਰਨ ਸਰੀਰਕ, ਮਾਨਸਿਕ ਅਤੇ ਸਮਾਜਿਕ ਸੁਖ-ਸਮਾਧਾਨ ਦੀ ਅਵਸਥਾ ਹੈ | ਮਾਨਸਿਕ ਬਿਮਾਰੀਆਂ ਵਿਚ ਤਣਾਅ, ਡਿਪ੍ਰੈਸ਼ਨ, ਚਿੰਤਾ, ਘਬਰਾਹਟ ਦੇ ਦੌਰੇ, ਖ਼ੁਦਕੁਸ਼ੀ ਦੇ ਵਿਚਾਰ ਆਦਿ ਸ਼ਾਮਲ ਹਨ | ਹੁਣ ਸਮਾਂ ਆ ਗਿਆ ਹੈ ਕਿ ਅਸੀਂ ਮਾਨਸਿਕ ਸਿਹਤ ਨੂੰ ਵੀ ਉੱਨੀ ਹੀ ਮਹੱਤਤਾ ਦੇਈਏ ਜਿੰਨੀ ਸਰੀਰਕ ਸਿਹਤ ਨੂੰ ਦਿੰਦੇ ਹਾਂ | ਉਨ੍ਹਾਂ ਦੱਸਿਆ ਕਿ ਅਸੀਂ ਆਮ ਤੌਰ 'ਤੇ ਸਰੀਰਕ ਸਿਹਤ 'ਤੇ ਵੱਧ ਧਿਆਨ ਦਿੰਦੇ ਹਾਂ, ਪਰ ਮਾਨਸਿਕ ਸਿਹਤ ਵੱਲ ਘੱਟ ਧਿਆਨ ਦਿੱਤਾ ਜਾਂਦਾ ਹੈ |