ਹੁਸ਼ਿਆਰਪੁਰ, 23 ਫਰਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਰੋਟਰੀ ਆਈ ਬੈਂਕ ਅਤੇ ਕੋਰਨੀਅਲ ਟਰਾਂਸਪਲਾਂਟੇਸ਼ਨ ਸੁਸਾਇਟੀ ਦੇ ਪ੍ਰਧਾਨ ਜੇ.ਬੀ. ਬਹਿਲ ਅਤੇ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਦੀ ਅਗਵਾਈ ਹੇਠ ਉਨ੍ਹਾਂ ਦੇ ਦਫ਼ਤਰ 'ਚ ਵਿਸ਼ੇਸ਼ ਮੀਟਿੰਗ ਹੋਈ | ਇਸ ਦੌਰਾਨ ਨੇਤਰਦਾਨ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਸਹਿਮਤੀ ਪੱਤਰ (ਐਮ.ਓ.ਯੂ.) 'ਤੇ ਹਸਤਾਖ਼ਰ ਕੀਤੇ ਗਏ | ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਸੰਜੀਵ ਅਰੋੜਾ, ਮਦਨ ਲਾਲ ਮਹਾਜਨ, ਜਸਵੀਰ ਕੌਰ ਅਤੇ ਡਾ. ਰਾਜੀਵ ਸ਼ਰਮਾ ਵੀ ਹਾਜ਼ਰ ਸਨ | ਇਸ ਮੌਕੇ ਪ੍ਰਧਾਨ ਜੇ.ਬੀ. ਬਹਿਲ ਅਤੇ ਚੇਅਰਮੈਨ ਸੰਜੀਵ ਅਰੋੜਾ ਨੇ ਦੱਸਿਆ ਕਿ ਇਸ ਸਹਿਮਤੀ ਪੱਤਰ ਦਾ ਮੁੱਖ ਉਦੇਸ਼ ਦੋਵੇਂ ਪੱਖਾਂ ਵੱਲੋਂ ਲੋਕਾਂ ਨੂੰ ਨੇਤਰਦਾਨ ਲਈ ਜਾਗਰੂਕ ਕਰਨਾ ਹੈ | ਸਮੇਂ-ਸਮੇਂ 'ਤੇ ਕਾਲਜ 'ਚ ਸੈਮੀਨਾਰ ਲਗਾ ਕੇ ਅਤੇ ਹੋਰ ਗਤੀਵਿਧੀਆਂ ਰਾਹੀਂ ਨੇਤਰਦਾਨ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਦੇਸ਼ 'ਚ ਕੋਰਨੀਅਲ ਅੰਨ੍ਹੇਪਣ (ਕੋਰਨੀਅਲ ਬਲਾਈਾਡਨੈੱਸ) ਨਾਲ ਪੀੜਤ ਲੋਕਾਂ ਦੀ ਗਿਣਤੀ ਵੱਧ ਹੈ ਪਰ ਅੱਖਾਂ ਦੀ ਪ੍ਰਾਪਤੀ ਘੱਟ ਹੈ, ਇਸ ਲਈ ਜਾਗਰੂਕਤਾ ਬਹੁਤ ਜ਼ਰੂਰੀ ਹੈ | ਅਰੋੜਾ ਨੇ ਕਿਹਾ ਕਿ ਦੋਵੇਂ ਪੱਖ ਅੱਖਾਂ ਦੀਆਂ ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ ਸੰਬੰਧੀ ਖੋਜ ਕਾਰਜਾਂ ਨੂੰ ਉਤਸ਼ਾਹਿਤ ਕਰਨਗੇ ਅਤੇ ਨੇਤਰਦਾਨ ਦੇ ਕੰਮ ਨਾਲ ਜੁੜੇ ਆਈ ਬੈਂਕਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਪੂਰਾ ਸਹਿਯੋਗ ਦੇਣ ਲਈ ਹਮੇਸ਼ਾਂ ਤੱਤਪਰ ਰਹਿਣਗੇ | ਸਹਿਮਤੀ ਪੱਤਰ ਅਨੁਸਾਰ ਹੀ ਨੇਤਰਦਾਨ ਸੰਬੰਧੀ ਗਤੀਵਿਧੀਆਂ ਚਲਾਈਆਂ ਜਾਣਗੀਆਂ | ਮੀਟਿੰਗ ਦੌਰਾਨ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਕਾਲਜ 'ਚ ਨੇਤਰਦਾਨ ਸੰਬੰਧੀ ਹੋਣ ਵਾਲੇ ਹਰ ਕਾਰਜ 'ਚ ਰੋਟਰੀ ਆਈ ਬੈਂਕ ਦਾ ਪੂਰਾ ਸਹਿਯੋਗ ਰਹੇਗਾ | ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਦੱਸਿਆ ਕਿ ਹਸਤਾਖ਼ਰ ਕੀਤਾ ਗਿਆ ਇਹ ਸਹਿਮਤੀ ਪੱਤਰ 5 ਸਾਲ ਦੀ ਮਿਆਦ ਲਈ ਲਾਗੂ ਰਹੇਗਾ |