ਹੁਸ਼ਿਆਰਪੁਰ, 24 ਫਰਵਰੀ (ਬਲਜਿੰਦਰਪਾਲ ਸਿੰਘ)-ਉਪਭੋਗਤਾ ਫੋਰਮ ਦੇ ਜੱਜ ਨਵੀਨ ਪੁਰੀ, ਪ੍ਰੇਮ ਸਿੰਘ ਸਵਾਰੀਆ, ਹਰਵਿਮਲ ਡੋਗਰਾ ਨੇ ਇਕ ਕੇਸ 'ਚ ਪਟਿਆਲ ਭੱਠੇ ਦੇ ਮਾਲਕ ਨੂੰ ਇੱਟਾਂ ਦਾ ਸਾਈਜ਼ ਛੋਟਾ ਹੋਣ ਕਰਕੇ 180000 ਤੋਂ ਵੱਧ ਦੀ ਰਕਮ ਉਪਭੋਗਤਾ ਨੂੰ ਮੁਆਵਜ਼ੇ ਵਜੋਂ ਦੇਣ ਦੇ ਹੁਕਮ ਜਾਰੀ ਕੀਤੇ ਹਨ | ਇਸ ਤੋਂ ਇਲਾਵਾ 10 ਹਜ਼ਾਰ ਰੁਪਏ ਕਮਿਸ਼ਨਰ ਦੀ ਫ਼ੀਸ ਜੋ ਚਲਦੇ ਕੇਸ ਦੌਰਾਨ ਉਪਭੋਗਤਾ ਨੇ ਅਦਾ ਕੀਤੀ ਸੀ ਅਤੇ 5 ਹਜ਼ਾਰ ਰੁਪਏ ਹੋਰ ਖ਼ਰਚੇ ਵਜੋਂ ਵੀ ਜੋ ਭੱਠੇ ਦਾ ਮਾਲਕ ਉਪਭੋਗਤਾ ਨੂੰ ਅਦਾ ਕਰੇਗਾ | ਜਾਣਕਾਰੀ ਦਿੰਦੇ ਹੋਏ ਵਕੀਲ ਸੁਨੀਲ ਪਰਾਸ਼ਰ ਨੇ ਦੱਸਿਆ ਕਿ ਉਨ੍ਹਾਂ ਦੇ ਕਰੀਬੀ ਰਾਜੀਵ ਕੁਮਾਰ ਵਾਸੀ ਚੱਬੇਵਾਲ ਨੇ ਪਟਿਆਲ ਦੇ ਭੱਠੇ ਤੋਂ ਕਾਫ਼ੀ ਮਾਤਰਾ 'ਚ ਇੱਟਾਂ ਖ਼ਰੀਦੀਆਂ ਸਨ | ਉਨ੍ਹਾਂ ਦੱਸਿਆ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਭੱਠੇ ਦੀਆਂ ਇੱਟਾਂ ਤਾਂ ਮਹਿਕਮੇ ਦੇ ਨਿਯਮਾਂ ਅਨੁਸਾਰ ਚੌੜਾਈ ਅਤੇ ਮੋਟਾਈ 'ਚ ਛੋਟੀਆਂ ਹਨ ਤਾਂ ਉਨ੍ਹਾਂ ਨੇ ਪਹਿਲਾਂ ਜ਼ਿਲ੍ਹਾ ਕੰਟਰੋਲਰ ਖ਼ੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਨੂੰ ਇਸ ਸੰਬੰਧੀ ਸ਼ਿਕਾਇਤ ਕੀਤੀ | ਸੂਚਨਾ ਅਧਿਕਾਰ ਨਿਯਮ ਰਾਹੀਂ ਪਤਾ ਕੀਤਾ ਤਾਂ ਮਹਿਕਮੇ ਵਲੋਂ ਮੈਸ: ਪਟਿਆਲ ਬਿ੍ਕਸ, ਪਿੰਡ ਮਹਿਨਾ ਅਤੇ ਮੈਸ: ਭੋਲੇ ਸ਼ੰਕਰ ਬਿ੍ਕ ਇੰਡਸਟਰੀ ਪਿੰਡ ਬਰਕੀਆਂ ਤਨੂਰ, ਜੱਟਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਦੋਨੋ ਭੱਠਿਆਂ 'ਤੇ ਜਾ ਕੇ ਜਾਂਚ ਕਰਵਾਈ ਤਾਂ ਇੱਟਾਂ ਦਾ ਸਾਈਜ਼ ਦੋਵਾਂ 'ਤੇ ਹੀ ਛੋਟਾ ਪਾਇਆ ਗਿਆ | ਵੰਬੰਧਿਤ ਮਹਿਕਮੇ ਨੇ ਨਰਮੀ ਦਾ ਸਲੂਕ ਕਰਦੇ ਹੋਏ ਦੋਵਾਂ ਭੱਠਿਆਂ ਨੂੰ ਦਸ-ਦਸ ਹਜ਼ਾਰ ਰੁਪਏ ਜੁਰਮਾਨਾ ਕੀਤਾ | ਵਕੀਲ ਸੁਨੀਲ ਪਰਾਸ਼ਰ ਨੇ ਦੱਸਿਆ ਕਿ ਉਪਭੋਗਤਾ ਫੋਰਮ ਵਲੋਂ ਸਾਰੇ ਦਸਤਾਵੇਜ਼ਾਂ ਦੀ ਜਾਂਚ ਪੜਤਾਲ ਕੀਤੀ ਅਤੇ ਲੋਕਲ ਕਮਿਸ਼ਨਰ ਨਿਯੁਕਤ ਕਰਨ ਦਾ ਫ਼ੈਸਲਾ ਕੀਤਾ, ਜਿਸ ਨੇ ਮੌਕੇ 'ਤੇ ਜਾ ਕੇ ਇੱਟਾਂ ਦਾ ਸਾਈਜ਼ ਚੈੱਕ ਕੀਤਾ | ਕਮਿਸ਼ਨਰ (ਵਕੀਲ ਰਾਜਵਿੰਦਰ ਕੌਰ) ਨੇ ਮੌਕੇ 'ਤੇ ਪਹੁੰਚ ਕੇ ਇੱਟਾਂ ਦੇ ਸਾਈਜ਼ ਦੀ ਜਾਂਚ ਕੀਤੀ ਅਤੇ ਰਿਪੋਰਟ ਅਦਾਲਤ ਨੂੰ ਸੌਂਪ ਦਿੱਤੀ | ਉਪਭੋਗਤਾ ਅਦਾਲਤ ਵਲੋਂ ਪਟਿਆਲ ਭੱਠੇ ਦੇ ਮਾਲਕ ਦੇ ਵਕੀਲ ਰੋਹਿਤ ਕੁਮਾਰ ਸ਼ਰਮਾ ਦੀ ਬਹਿਸ ਸੁਣਨ ਤੋਂ ਬਾਅਦ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਪਟਿਆਲ ਭੱਠੇ ਦੇ ਮਾਲਕ ਨੂੰ ਹਿਦਾਇਤ ਕੀਤੀ ਕਿ ਉਪਭੋਗਤਾ ਨੂੰ 182136 ਰੁਪਏ ਦਾ ਭੁਗਤਾਨ ਕਰੇ, ਅਤੇ ਨਾਲ ਹੀ ਇਹ ਵੀ ਹਿਦਾਇਤ ਕੀਤੀ ਕਿ ਲੋਕਲ ਕਮਿਸ਼ਨਰ ਦਾ ਖ਼ਰਚਾ ਦਸ ਹਜ਼ਾਰ ਰੁਪਏ ਦਾ ਵੀ ਭੁਗਤਾਨ ਕਰੇਗਾ ਅਤੇ ਪੰਜ ਹਜ਼ਾਰ ਰੁਪਏ ਹੋਰ ਉਪਭੋਗਤਾ ਨੂੰ ਦੇਵੇਗਾ | ਕੋਰਟ ਨੇ ਇਹ ਸਾਰੀ ਰਕਮ ਦਾ ਭੁਗਤਾਨ 45 ਦਿਨਾਂ ਦੇ ਅੰਦਰ ਕਰਨ ਦੀ ਹਿਦਾਇਤ ਵੀ ਜਾਰੀ ਕੀਤੀ ਹੈ ਅਜਿਹਾ ਨਾਂ ਕਰਨ ਦੀ ਸੂਰਤ ਵਿਚ ਭੱਠੇ ਦਾ ਮਾਲਕ 6 ਪ੍ਰਤੀਸ਼ਤ ਵਿਆਜ ਨਾਲ ਭੁਗਤਾਨ ਕਰੇਗਾ |