ਹੁਸ਼ਿਆਰਪੁਰ, 25 ਫਰਵਰੀ (ਨਰਿੰਦਰ ਸਿੰਘ ਬੱਡਲਾ)-ਦੀ ਹਰਮੋਇਆਂ ਦੁੱਧ ਉਤਪਾਦਕ ਸਹਿਕਾਰੀ ਸਭਾ ਵਲੋਂ 12ਵਾਂ ਬੋਨਸ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਸਭਾ ਵਲੋਂ 2 ਸਾਲ ਦਾ ਬੋਨਸ 894384 ਰੁਪਏ ਵੰਡਿਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਏ.ਆਰ. ਮੈਡਮ ਨੀਰੂ ਠਾਕੁਰ ਤੇ ਮਿਲਕ ਪਲਾਂਟ ਏਰੀਆ ਇੰਚਾਰਜ ਅੰਮਿ੍ਤਪਾਲ ਸਿੰਘ, ਪ੍ਰਬੰਧਕ ਉਂਕਾਰ ਸਿੰਘ ਹਾਜ਼ਰ ਹੋਏ | ਬੋਨਸ ਵੰਡਣ ਉਪਰੰਤ ਏ.ਆਰ. ਨੀਰੂ ਠਾਕੁਰ ਨੇ ਕਿਹਾ ਕਿ ਦੁੱਧ ਉਤਪਾਦਨ ਕਿਸਾਨਾਂ ਲਈ ਬੇਹੱਦ ਲਾਹੇਵੰਦ ਸਹਾਇਕ ਧੰਦਾ ਹੈ, ਜਿਸ ਨੰੂ ਅਪਣਾ ਕੇ ਉਹ ਆਪਣੀ ਆਰਥਿਕਤਾ 'ਚ ਵਾਧਾ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਡੇਅਰੀ ਫਾਰਮਿੰਗ ਖੋਲ੍ਹਣ ਲਈ ਸਰਕਾਰ ਵਲੋਂ ਵੀ ਉੱਦਮੀ ਕਿਸਾਨਾਂ ਨੂੰ ਵੱਖ-ਵੱਖ ਤਰ੍ਹਾਂ ਦੀ ਮਦਦ ਦਿੱਤੀ ਜਾਂਦੀ ਹੈ | ਇਸ ਮੌਕੇ ਪ੍ਰਧਾਨ ਜਸਵੀਰ ਸਿੰਘ ਤੇ ਕਮੇਟੀ ਮੈਂਬਰਾਂ ਵਲੋਂ ਪਹਿਲੇ, ਦੂਸਰੇ ਤੇ ਤੀਸਰੇ ਸਥਾਨ 'ਤੇ ਆਉਣ ਵਾਲੇ ਕਿਸਾਨਾਂ ਨੂੰ ਸਟੀਲ ਦੀਆਂ ਕੈਨੀਆਂ ਅਤੇ ਮਿਨਰਲ ਮਿਕਸਚਰ ਸਮੇਤ ਵੱਖ-ਵੱਖ ਲੋੜੀਂਦੀਆਂ ਦਵਾਈਆਂ ਵੀ ਦਿੱਤੀਆਂ ਗਈਆਂ |