ਸੜਕਾਂ ਦੀ ਖਸਤਾ ਹਾਲਤ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ
ਅਜੀਤ ਡੈਸਕ
26-02-2026
ਹਾਜੀਪੁਰ, 25 ਫਰਵਰੀ (ਜੋਗਿੰਦਰ ਸਿੰਘ)-ਕਸਬਾ ਹਾਜੀਪੁਰ ਤੋਂ ਵੱਖ-ਵੱਖ ਪਿੰਡਾਂ ਨੂੰ ਜਾਣ ਵਾਲੀਆਂ ਸੰਪਰਕ ਸੜਕਾਂ ਦੀ ਖਸਤਾ ਹਾਲਤ ਨੂੰ ਲੈ ਕੇ ਅੱਜ ਹਾਜੀਪੁਰ ਦੇ ਬੁੱਢਾਬੜ ਮੋੜ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਤੇ ਕਾਂਗਰਸ ਪਾਰਟੀ ਵਲੋਂ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਬਲਾਕ ਹਾਜੀਪੁਰ ਦੀਆਂ ਸੰਪਰਕ ਸੜਕਾਂ ਦੀ ਹਾਲਤ ਬਦ ਤੋਂ ਬਦਤਰ ਹੋਈ ਪਈ ਹੈ | ਪਿੰਡਾਂ ਦੀਆਂ ਪੰਚਾਇਤਾਂ ਵਲੋਂ ਸੰਬੰਧਿਤ ਵਿਭਾਗ ਦੀ ਲਿਖਤੀ ਰੂਪ 'ਚ ਦੱਸਣ ਦੇ ਬਾਵਜੂਦ ਸੜਕਾਂ ਦੀ ਹਾਲਤ ਨਹੀਂ ਸੁਧਰ ਰਹੀ | ਉਨ੍ਹਾਂ ਕਿਹਾ ਕਿ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਵਾਲਾ ਹੈ ਪਰ ਸਰਕਾਰ ਅਜੇ ਤੱਕ ਸੜਕਾਂ ਦੀ ਹਾਲਤ ਨਹੀਂ ਸੁਧਾਰ ਸਕੀ | ਉਨ੍ਹਾਂ ਰੋਡ ਨਹੀਂ ਤਾਂ ਵੋਟ ਨਹੀਂ ਦਾ ਨਾਅਰਾ ਲਗਾਉਂਦਿਆਂ ਕਿਹਾ ਕਿ ਜੇਕਰ ਅਗਲੇ 10 ਦਿਨਾਂ ਤੱਕ ਬੁਢਾਬੜ ਚੌਕ ਤੋਂ ਸਰਿਆਣਾ ਤੇ ਮਾਨਸਰ ਨੂੰ ਜਾਣ ਵਾਲੀਆਂ ਸੜਕਾਂ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਬਲਾਕ ਬਲਾਕ ਕਾਂਗਰਸ ਪ੍ਰਧਾਨ ਕਿਸ਼ੋਰੀ ਲਾਲ, ਧਰਮਿੰਦਰ ਸਿੰਘ ਨੌਸ਼ਹਿਰਾ ਸਿੰਬਲੀ, ਪ੍ਰੀਤਮ ਸਿੰਘ ਸਰਪੰਚ ਬੇਲਾ ਸਰਿਆਣਾ, ਅਜੈਬ ਸਿੰਘ, ਲਖਵੀਰ ਸਿੰਘ ਕਾਹਲੋਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਸੁਧੀਰ ਠਾਕੁਰ ਵਾਈਸ ਪ੍ਰਧਾਨ ਬਲਾਕ ਕਾਂਗਰਸ ਹਾਜੀਪੁਰ, ਸੁਖਚੈਨ ਸਿੰਘ, ਜੀਤ ਸਿੰਘ ਕਲੇਰਾ, ਕਿਸਾਨ ਆਗੂ ਖੜਕ ਸਿੰਘ ਆਦਿ ਹਾਜ਼ਰ ਸਨ |