ਹੁਸ਼ਿਆਰਪੁਰ, 26 ਫਰਵਰੀ (ਬਲਜਿੰਦਰਪਾਲ ਸਿੰਘ)-ਸਾਬਕਾ ਐਸ.ਐਮ.ਓ. ਤੇ ਦੰਦਾਂ ਦੇ ਮਾਹਿਰ ਡਾਕਟਰ ਜਸਵੰਤ ਸਿੰਘ ਮੰਡਿਆਲ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਪੁੱਤਰ ਡਾ. ਨਵਰੀਤ ਸਿੰਘ ਮੰਡਿਆਲ (34) ਦਾ ਬੀਤੀ ਰਾਤ ਹੁਸ਼ਿਆਰਪੁਰ-ਜਲੰਧਰ ਮੁੱਖ ਮਾਰਗ 'ਤੇ ਸਥਿਤ ਸੋਨਾਲੀਕਾ ਫ਼ੈਕਟਰੀ ਸਾਹਮਣੇ ਵਾਪਰੇ ਸੜਕ ਹਾਦਸੇ 'ਚ ਦਿਹਾਂਤ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਡਾ: ਨਵਰੀਤ ਸਿੰਘ ਆਪਣੇ ਜੱਦੀ ਪਿੰਡ ਮੰਡਿਆਲਾਂ ਵਿਖੇ ਖੇਤੀਬਾੜੀ ਦਾ ਕੰਮ ਦੇਖਣ ਲਈ ਗਿਆ ਹੋਇਆ ਸੀ ਅਤੇ ਜਦੋਂ ਉਹ ਰਾਤ ਕਰੀਬ 8:30 ਵਜੇ ਆਪਣੇ ਘਰ ਹੁਸ਼ਿਆਰਪੁਰ ਨੂੰ ਮੋਟਰਸਾਈਕਲ 'ਤੇ ਵਾਪਸ ਆ ਰਿਹਾ ਸੀ ਤਾਂ ਉਕਤ ਮਾਰਗ 'ਤੇ ਸਥਿਤ ਸੋਨਾਲੀਕਾ ਫ਼ੈਕਟਰੀ ਸਾਹਮਣੇ ਡਾ. ਨਵਰੀਤ ਸਿੰਘ ਦਾ ਮੋਟਰਸਾਈਕਲ ਬੇਕਾਬੂ ਹੋ ਗਿਆ ਅਤੇ ਉਸ ਦੀ ਕਿਸੇ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ, ਜਿਸ ਤੋਂ ਬਾਅਦ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਜ਼ਖ਼ਮੀ ਹਾਲਤ 'ਚ ਡਾ: ਨਵਰੀਤ ਸਿੰਘ ਨੂੰ ਜਦੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਜਾ ਰਿਹਾ ਸੀ ਤਾਂ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਰਸਤੇ 'ਚ ਹੀ ਮੌਤ ਹੋ ਗਈ | ਡਾ. ਨਵਰੀਤ ਸਿੰਘ ਦੀ ਮੌਤ ਨਾਲ ਹੁਸ਼ਿਆਰਪੁਰ ਸ਼ਹਿਰ ਅਤੇ ਪਿੰਡ ਮੰਡਿਆਲਾਂ 'ਚ ਸੋਗ ਦੀ ਲਹਿਰ ਦੌੜ ਗਈ |