ਦਸੂਹਾ, 7 ਮਾਰਚ (ਭੁੱਲਰ)- ਆਰੀਆ ਸਮਾਜ ਦੇ ਦਸੂਹਾ ਦੇ ਪ੍ਰਧਾਨ ਤੇ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਬਲੱਗਣ ਕਮੇਟੀ ਦੇ ਮੈਨੇਜਰ ਐਡਵੋਕੇਟ ਵਿਜੇ ਕੁਮਾਰ ਬੱਸੀ ਅਤੇ ਪਿ੍ੰਸੀਪਲ ਰਜੇਸ਼ ਗੁਪਤਾ ਨੇ ਕਿਹਾ ਕਿ ਆਰੀਆ ਸਮਾਜ ਵਲੋਂ ਚੱਲ ਰਹੇ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਬਲੱਗਣ ਵਿਖੇ ਲੜਕੀਆਂ ਨੂੰ ਮੁਫ਼ਤ ਸਿੱਖਿਆ ਦਿੱਤੀ ਜਾ ਰਹੀ ਹੈ | ਇਹ ਇੱਕ ਅਜਿਹਾ ਸਕੂਲ ਹੈ ਜਿੱਥੇ ਬੱਚੇ ਉੱਚ ਮਿਆਰੀ ਸਿੱਖਿਆ ਪ੍ਰਾਪਤ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਇਹ ਸਕੂਲ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਜਿਨ੍ਹਾਂ 'ਤੇ ਹਮੇਸ਼ਾ ਮੈਨੇਜਮੈਂਟ ਕਮੇਟੀ ਨੂੰ ਮਾਣ ਰਹੇਗਾ | ਉਨ੍ਹਾਂ ਦੱਸਿਆ ਕਿ ਲੋੜਵੰਦ ਵਿਦਿਆਰਥੀਆਂ ਨੂੰ ਵਜ਼ੀਫੇ ਵੀ ਦਿੱਤੇ ਜਾ ਰਹੇ ਹਨ | ਉਨ੍ਹਾਂ ਹੋਰ ਦੱਸਿਆ ਕਿ ਇਸ ਸਕੂਲ ਦਸੂਹਾ ਹਲਕੇ ਦੇ ਪਿੰਡਾਂ ਦੇ ਲੋਕਾਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਦਵਾਉਣ ਲਈ ਮੀਲ ਪੱਥਰ ਸਾਬਤ ਹੋ ਰਿਹਾ ਹੈ | ਐਡਵੋਕੇਟ ਵਿਜੇ ਕੁਮਾਰ ਬੱਸੀ ਨੇ ਕਿਹਾ ਕਿ ਅਧਿਆਪਕ ਤੇ ਹੋਰ ਸਟਾਫ ਬੱਚਿਆਂ ਦਾ ਪੂਰਾ ਧਿਆਨ ਰੱਖ ਰਹੇ ਹਨ ਤੇ ਉਨ੍ਹਾਂ ਨੂੰ ਅਨੁਸ਼ਾਸਨ ਤੇ ਚੰਗੇ ਆਚਰਨ ਦੀ ਸਿੱਖਿਆ ਮੁਹਈਆ ਕਰਵਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਸਰਬਪੱਖੀ ਵਿਕਾਸ ਦੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ | ਇਸ ਮੌਕੇ ਸਕੂਲ ਸਟਾਫ ਵੀ ਹਾਜ਼ਰ ਸੀ |