ਮੁਕੇਰੀਆਂ, 7 ਮਾਰਚ (ਰਾਮਗੜ੍ਹੀਆ)- ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਬੜੇ ਉਤਸ਼ਾਹ ਅਤੇ ਪ੍ਰੇਰਣਾਦਾਇਕ ਮਾਹੌਲ ਵਿਚ ਮਨਾਇਆ ਗਿਆ | ਇਸ ਮੌਕੇ 'ਤੇ ਸਕੂਲ ਦੇ ਅਧਿਆਪਕਾਂ ਵਲੋਂ ਇਕ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮਹਿਲਾਵਾਂ ਦੀ ਸਮਾਜ ਵਿੱਚ ਮਹੱਤਵਪੂਰਨ ਭੂਮਿਕਾ ਅਤੇ ਉਨ੍ਹਾਂ ਦੇ ਯੋਗਦਾਨ ਬਾਰੇ ਵਿਚਾਰ ਸਾਂਝੇ ਕੀਤੇ ਗਏ | ਸਮਾਗਮ ਦੌਰਾਨ ਇਹ ਸੰਦੇਸ਼ ਦਿੱਤਾ ਗਿਆ ਕਿ ਜਦੋਂ ਅਸੀਂ ਸਮਾਜ ਦੀ ਭਲਾਈ ਲਈ ਆਪਣਾ ਯੋਗਦਾਨ ਪਾਂਦੇ ਹਾਂ ਤਾਂ ਇਸ ਨਾਲ ਸਮਾਜ ਦੇ ਨਾਲ ਨਾਲ ਸਾਡੀ ਆਪਣੀ ਤਰੱਕੀ ਵੀ ਹੁੰਦੀ ਹੈ | ਪਿ੍ੰਸੀਪਲ ਮੈਡਮ ਬਬੀਤਾ ਚੌਧਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਹਿਲਾਵਾਂ ਦੀ ਸਿੱਖਿਆ, ਸਸ਼ਕਤੀਕਰਨ ਅਤੇ ਆਤਮਨਿਰਭਰਤਾ ਸਮਾਜ ਦੀ ਤਰੱਕੀ ਲਈ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਕਿਹਾ ਕਿ ਹਰ ਮਹਿਲਾ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮੌਕੇ ਅਤੇ ਸਹਿਯੋਗ ਮਿਲਣਾ ਚਾਹੀਦਾ ਹੈ | ਇਸ ਦੌਰਾਨ ਸਕੂਲ ਦੀ ਉਪ-ਪ੍ਰਧਾਨਾਚਾਰਿਆ ਮੈਡਮ ਸਵਿਤਾ ਢੀਂਗਰਾ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮਹਿਲਾਵਾਂ ਨੂੰ ਆਪਣੀ ਸੁਰੱਖਿਆ ਅਤੇ ਆਤਮਵਿਸ਼ਵਾਸ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਅਤੇ ਜੀਵਨ ਦੀ ਹਰ ਚੁਣੌਤੀ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ | ਸਮਾਗਮ ਦੇ ਅੰਤ ਵਿਚ ਸਕੂਲ ਦੇ ਚੇਅਰਮੈਨ ਪ੍ਰੋਫੈਸਰ ਡੀ. ਵੀ. ਸ਼ਰਮਾ ਵਲੋਂ ਸਟਾਫ਼ ਮੈਂਬਰਾਂ ਨੂੰ ਮਹਿਲਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ | ਉਨ੍ਹਾਂ ਨੇ ਸਭ ਨੂੰ ਪ੍ਰੇਰਿਤ ਕੀਤਾ ਕਿ ਜੀਵਨ ਵਿਚ ਸਦਾ ਆਤਮਵਿਸ਼ਵਾਸ ਅਤੇ ਦਿ੍ੜ ਇਰਾਦੇ ਨਾਲ ਅੱਗੇ ਵਧਣਾ ਚਾਹੀਦਾ ਹੈ |