ਮੁਕੇਰੀਆਂ, 7 ਮਾਰਚ (ਰਾਮਗੜ੍ਹੀਆ)- ਵਿਕਟੋਰੀਆ ਇੰਟਰਨੈਸ਼ਨਲ ਸਕੂਲ ਮੁਕੇਰੀਆਂ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਬੜੇ ਉਤਸ਼ਾਹ ਅਤੇ ਸਨਮਾਨ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਸਕੂਲ ਵਿਚ ਇਕ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ ਜਿਸ ਵਿਚ ਨਰਸਰੀ ਤੋਂ ਲੈ ਕੇ ਕਲਾਸ 12ਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ | ਸਭਾ ਦੌਰਾਨ ਸਕੂਲ ਦੀਆਂ ਅਧਿਆਪਕਾਵਾਂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਸਮਾਜ ਵਿਚ ਮਹਿਲਾਵਾਂ ਦੇ ਯੋਗਦਾਨ 'ਤੇ ਰੌਸ਼ਨੀ ਪਾਈ | ਇਸ ਦੌਰਾਨ ਕਈ ਪ੍ਰਸਿੱਧ ਅਤੇ ਪ੍ਰੇਰਣਾਦਾਇਕ ਮਹਿਲਾਵਾਂ ਜਿਵੇਂ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ, ਰਾਸ਼ਟਰਪਤੀ ਸ੍ਰੀਮਤੀ ਦ੍ਰੌਪਦੀ ਮੁਰਮੂ, ਝਾਂਸੀ ਦੀ ਰਾਣੀ ਲਕਸ਼ਮੀ ਬਾਈ, ਸਰੋਜਨੀ ਨਾਇਡੂ, ਕਲਪਨਾ ਚਾਵਲਾ, ਟੇਸੀ ਥਾਮਸ (ਮਿਸਾਈਲ ਵੂਮਨ ਆਫ਼ ਇੰਡੀਆ), ਮੇਰੀ ਕੌਮ, ਪੀ. ਵੀ. ਸਿੰਧੂ, ਸਾਨੀਆ ਮਿਰਜ਼ਾ, ਓਪਰੇਸ਼ਨ ਸਿੰਦੂਰ ਦੀ ਲੀਡਰ ਕਰਨਲ ਸੋਂਫ਼ੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਯੋਮਿਕਾ ਸਿੰਘ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀਆਂ ਮਹੱਤਵਪੂਰਨ ਉਪਲਬਧੀਆਂ ਬਾਰੇ ਵਿਦਿਆਰਥੀਆਂ ਨੂੰ ਜਾਣੰੂ ਕਰਵਾਇਆ ਗਿਆ | ਇਸ ਮੌਕੇ 'ਤੇ ਸਕੂਲ ਪਿ੍ੰਸੀਪਲ ਅਰਚਨਾ ਸੂਦਨ ਨੇ ਵਿਸ਼ੇਸ਼ ਤੌਰ 'ਤੇ ਸਾਰੀਆਂ ਮਹਿਲਾ ਅਧਿਆਪਕਾਵਾਂ ਨੂੰ ਸਭਾ ਵਿਚ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ | ਸਕੂਲ ਦੇ ਡਾਇਰੈਕਟਰ ਪ੍ਰੋ. ਜੀ. ਐੱਸ. ਮੁਲਤਾਨੀ ਅਤੇ ਸ੍ਰੀਮਤੀ ਨੀਰੂ ਮੁਲਤਾਨੀ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਮਹਿਲਾਵਾਂ ਦਾ ਸਮਾਜ ਦੇ ਵਿਕਾਸ ਵਿਚ ਬਹੁਤ ਮਹੱਤਵਪੂਰਨ ਯੋਗਦਾਨ ਹੈ | ਉਨ੍ਹਾਂ ਕਿਹਾ ਕਿ ਅੱਜ ਦੀ ਨਾਰੀ ਹਰ ਖੇਤਰ ਵਿਚ ਆਪਣੀ ਸਮਰੱਥਾ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕਰ ਰਹੀ ਹੈ |