ਹੁਸ਼ਿਆਰਪੁਰ, 7 ਮਾਰਚ (ਬਲਜਿੰਦਰਪਾਲ ਸਿੰਘ)-ਸੂਬੇ ਦੀ 'ਆਪ' ਸਰਕਾਰ ਹਰੇਕ ਮੁਹਾਜ਼ 'ਤੇ ਫ਼ੇਲ੍ਹ ਹੋਈ ਹੈ ਅਤੇ ਚੋਣਾਂ ਤੋਂ ਪਹਿਲਾਂ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ ਉਨ੍ਹਾਂ ਚੋਂ ਕੋਈ ਵਾਅਦਾ ਵੀ ਸਹੀ ਢੰਗ ਨਾਲ ਪੂਰਾ ਨਹੀਂ ਕੀਤਾ ਗਿਆ | ਇਸਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਲੋਕਾਂ ਨੂੰ ਸਬਜ਼ਬਾਗ ਦਿਖਾ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤਾ | ਉਨ੍ਹਾਂ ਕਿਹਾ ਕਿ 'ਆਪ' ਵੱਲੋਂ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰੰਤੂ 4 ਸਾਲ ਤੋਂ ਵੱਧ ਸਮਾਂ ਬੀਤ ਜਾਣ 'ਤੇ ਵੀ ਕਿਸੇ ਨੂੰ ਕੋਈ ਪੈਸਾ ਨਹੀਂ ਮਿਲਿਆ | ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰ ਵੱਲੋਂ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰਦਿਆਂ 'ਆਮ ਆਦਮੀ ਕਲੀਨਿਕ' ਬਣਾਏ ਗਏ ਸਨ ਪਰੰਤੂ ਇਸਦੇ ਬਾਵਜੂਦ ਕਲੀਨਿਕਾਂ 'ਚ ਕਿਸੇ ਨੂੰ ਵੀ ਕੋਈ ਸਿਹਤ ਸਹੂਲਤ ਨਹੀਂ ਮਿਲ ਰਹੀ ਅਤੇ 10 ਲੱਖ ਦਾ ਬੀਮਾ ਸਿਰਫ਼ ਇਸ਼ਤਿਹਾਰਾਂ ਤੱਕ ਹੀ ਸੀਮਤ ਹੈ | ਉਨ੍ਹਾਂ ਕਿਹਾ ਕਿ ਚਾਹੇ ਅਧਿਆਪਕ ਵਰਗ ਹੋਵੇ, ਮੁਲਾਜ਼ਮ, ਕਿਸਾਨ ਜਾਂ ਪੈਨਸ਼ਨਰ ਸਾਰੇ ਹੀ ਧਰਨੇ ਲਗਾ ਕੇ ਸਰਕਾਰ ਪ੍ਰਤੀ ਆਪਣਾ ਰੋਸ ਪ੍ਰਗਟ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਕੇਂਦਰ ਸਰਕਾਰ ਵੀ ਕਿਸਾਨ ਵਿਰੋਧੀ ਸਾਬਿਤ ਹੋਈ ਹੈ ਅਤੇ ਕੇਂਦਰ ਵਲੋਂ ਭਾਰਤ ਦੀ ਊਰਜਾ ਸੁਰਖਿਆ ਨਾਲ ਕੀਤਾ ਸਮਝੌਤਾ ਵੀ ਬੇਹੱਦ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਅਮਰੀਕੀ ਖੇਤੀਵਾੜੀ ਉਤਪਾਦਾਂ ਦੀ ਆਯਾਤ ਕਰਨਾ ਕਿਸਾਨਾਂ ਦੀ ਰੋਜ਼ੀ 'ਤੇ ਸਿੱਧਾ ਹਮਲਾ ਹੈ | ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਗਿਲਜੀਆਂ, ਐਡ. ਰਣਜੀਤ ਕੁਮਾਰ ਕਿੱਟੀ ਹਲਕਾ ਇੰਚਾਰਜ ਚੱਬੇਵਾਲ, ਐਡ. ਰੋਹਿਤ ਜੋਸ਼ੀ, ਰਜਨੀਸ਼ ਟੰਡਨ,ਯਾਮਨੀ ਗੋਮਰ, ਸੋਢੀ ਰਾਮ ਬਡਿਆਲ ਆਦਿ ਵੀ ਹਾਜ਼ਰ ਸਨ |