ਮਾਹਿਲਪੁਰ, 8 ਮਾਰਚ (ਰਜਿੰਦਰ ਸਿੰਘ)-ਪਿੰਡ ਬਲਾਕ ਮਾਹਿਲਪੁਰ 'ਚ ਪੈਂਦੇ ਪਿੰਡ ਪਰਸੋਤਿਆ ਤੋਂ ਮੋਤੀਆਂ ਨੂੰ ਜਾਦੀ ਕੱਚੀ ਸੜਕ 'ਤੇ ਕੁੰਨਾਂ (ਚਮੜਾ ਰੰਗਣ ਵਾਲਾ ਸਥਾਨ) 'ਚ ਇਕ ਨਵਜੰਮੀ ਤੰਦਰੁਸਤ ਬੱਚੀ ਮਿਲੀ | ਜਾਣਕਾਰੀ ਅਨੁਸਾਰ ਪਿੰਡ ਪਰਸੋਤਿਆ ਦੇ ਸਰਪੰਚ ਨਰਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਤਕਰੀਬਨ 4 ਕੁ ਵਜੇ ਪਿੰਡ ਮੋਤੀਆ ਦੀ ਸਰਪੰਚ ਹਰਪਾਲ ਕੌਰ ਨੇ ਫ਼ੋਨ 'ਤੇ ਦੱਸਿਆ ਕਿ ਉਸ ਦੇ ਪਿੰਡ ਮੋਤੀਆਂ ਦੇ ਬਾਹਰਵਾਰ ਇਕ ਕਿਸਾਨ ਆਪਣੇ ਖੇਤਾਂ ਨੂੰ ਪਾਣੀ ਲਾ ਰਿਹਾ ਸੀ ਨੇ ਫ਼ੋਨ 'ਤੇ ਉਸ ਨੂੰ ਸੂਚਿਤ ਕੀਤਾ ਕਿ ਕੱਚੀ ਸੜਕ'ਤੇ ਕੁੰਨਾਂ (ਚਮੜਾ ਰੰਗਣ ਵਾਲਾ ਸਥਾਨ) 'ਚ ਇੱਕ ਨਵ ਜੰਮੀ ਤੰਦਰੁਸਤ ਬੱਚੀ ਦੇ ਰੋਣ ਦੀ ਆਵਾਜ਼ ਆ ਰਹੀ ਹੈ | ਉਨ੍ਹਾਂ ਦੱਸਿਆ ਉਨ੍ਹਾਂ ਦੇ ਕੁੱਝ ਮੋਹਤ ਵਾਰ ਵਿਅਕਤੀ ਨਾਲ ਲੈ ਕੇ ਮੌਕੇ 'ਤੇ ਪਹੁੰਚੇ ਤਾਂ ਇਕ ਨਵ ਜੰਮੀ ਤੰਦਰੁਸਤ ਬੱਚੀ ਜਿਹੜੀ ਕਿ ਤੋਲੀਏ 'ਚ ਲਪੇਟੀ ਹੋਈ ਸੀ | ਉਨ੍ਹਾਂ ਦੱਸਿਆ ਕਿ ਬੱਚੀ ਆਪਣੇ ਘਰ ਲਿਆਂਦੀ ਤੇ ਉਸ ਦੀ ਸਾਫ਼ ਸਫ਼ਾਈ ਕਰਕੇ ਉਨ੍ਹਾਂ ਥਾਣਾ ਚੱਬੇਵਾਲ ਦੀ ਪੁਲਿਸ ਨੂੰ ਸੂਚਿਤ ਕੀਤਾ | ਬੱਚੀ ਨੂੰ ਗੋਦ ਲੈਣ ਲਈ ਅਨੇਕਾਂ ਲੋਕ ਤਿਆਰ ਸਨ | ਥਾਣਾ ਚੱਬੇਵਾਲ ਦੇ ਥਾਣਾ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਬੱਚੀ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਖੇ ਚੈੱਕਅਪ ਲਈ ਭੇਜ ਦਿੱਤਾ ਗਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |