ਹੁਸ਼ਿਆਰਪੁਰ, 8 ਮਾਰਚ (ਨਰਿੰਦਰ ਸਿੰਘ ਬੱਡਲਾ)-ਇਲਾਕੇ 'ਚ ਚੋਰੀ ਚਕਾਰੀ ਤੇ ਲੁੱਟ ਖੋਹਾਂ ਦੀਆਂ ਵਾਰਦਾਤਾਂ ਰੋਜ਼ਾਨਾ ਵਾਪਰ ਰਹੀਆਂ ਹਨ ਪਰੰਤੂ ਇਸਦੇ ਬਾਵਜੂਦ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਚੱਲਦਿਆਂ ਅਜੇ ਤੱਕ ਕਿਸੇ ਚੋਰ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ | ਇਸ ਸੰਬੰਧ 'ਚ ਇਲਾਕੇ ਦੇ ਕਿਸਾਨਾਂ, ਡੇਅਰੀ ਮਾਲਕਾਂ ਤੇ ਮੱਝਾਂ ਚੋਰੀ ਹੋਣ ਵਾਲੇ ਪੀੜਤ ਪਰਿਵਾਰਾਂ ਦੀ ਇਕੱਤਰਤਾ ਪਿੰਡ ਮੋਨਾ ਕਲਾਂ ਵਿਖੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਭਿੰਡਰ ਦੀ ਅਗਵਾਈ ਹੇਠ ਹੋਈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਇਲਾਕੇ 'ਚ ਮੱਝਾਂ ਚੋਰੀ ਕਰਨ ਵਾਲਾ ਚੋਰ ਗਿਰੋਹ ਪੂਰੀ ਤਰ੍ਹਾਂ ਨਾਲ ਸਰਗਰਮ ਹੈ ਅਤੇ ਰੋਜ਼ਾਨਾ ਕਿਸੇ ਨਾ ਕਿਸੇ ਪਿੰਡ ਚੋਂ ਮੱਝਾਂ ਚੋਰੀ ਹੋ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਥਾਣਾ ਮੇਹਟੀਆਣਾ ਪੁਲਿਸ ਕੋਲ ਸ਼ਿਕਾਇਤ ਵੀ ਕੀਤੀ ਗਈ ਹੈ ਪਰ ਹਾਲੇ ਤੱਕ ਕੋਈ ਢੁਕਵੀਂ ਕਾਰਵਾਈ ਨਾ ਹੋਣ ਦੇ ਚੱਲਦਿਆਂ ਚੋਰ ਕਾਬੂ ਨਹੀਂ ਕੀਤੇ ਜਾ ਸਕੇ ਹਨ | ਇਸ ਮੌਕੇ ਪਿੰਡ ਮੋਨਾ ਕਲਾਂ ਤੇ ਮੋਨਾ ਖ਼ੁਰਦ ਦੇ ਵਾਸੀਆਂ ਨੇ ਵੀ ਦੱਸਿਆ ਕਿ ਪਿਛਲੇ ਕਰੀਬ 8 ਦਿਨਾਂ ਤੋਂ 1 ਦਿਨ ਛੱਡ ਕੇ ਵਾੜਿਆਂ ਚੋਂ ਮੱਝਾਂ ਚੋਰੀ ਹੋ ਜਾਂਦੀਆਂ ਹਨ, ਜਿਸਦੇ ਚੱਲਦਿਆਂ ਜਿੱਥੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਉੱਥੇ ਹੀ ਉਹ ਦਿਨ ਰਾਤ ਜਾਗਣ ਲਈ ਵੀ ਮਜਬੂਰ ਹਨ ਅਤੇ ਹੁਣ ਤੱਕ ਕਰੀਬ 8 ਮੱਝਾਂ ਚੋਰੀ ਹੋ ਚੁੱਕੀਆਂ ਹਨ | ਇਸ ਮੌਕੇ ਇਕੱਤਰ ਹੋਈ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਾਮਲੇ 'ਚ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਚੋਰਾਂ ਨੂੰ ਕਾਬੂ ਕਰਕੇ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ | ਇਕੱਤਰ ਹੋਏ ਲੋਕਾਂ ਨੇ ਇਹ ਵੀ ਕਿਹਾ ਕਿ ਜੇਕਰ ਪੁਲਿਸ ਇਸ ਮਾਮਲੇ 'ਚ ਅਜੇ ਵੀ ਢਿੱਲਮੱਠ ਵਰਤਦੀ ਹੈ ਤਾਂ ਉਹ ਵੱਖ-ਵੱਖ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਦਾ ਰਾਹ ਅਖ਼ਤਿਆਰ ਕਰਨਗੇ | ਇਸ ਮੌਕੇ ਅਵਤਾਰ ਸਿੰਘ, ਸਰਪੰਚ ਕੁਲਦੀਪ ਸਿੰਘ, ਜਸਵੰਤ ਸਿੰਘ, ਰਣਜੀਤ ਸਿੰਘ, ਸੁਖਵਿੰਦਰ ਸਿੰਘ ਮੋਨਾ ਕਲਾਂ, ਚਰਨਜੀਤ ਸਿੰਘ, ਤੀਰਥ ਸਿੰਘ, ਦਲਜੀਤ ਸਿੰਘ ਮੋਨਾ ਖ਼ੁਰਦ, ਅਮਰਜੀਤ ਸਿੰਘ, ਅਵਤਾਰ ਸਿੰਘ ਬੱਡਲਾ, ਸਤਨਾਮ ਸਿੰਘ ਮੁਖਲਿਆਣਾ ਆਦਿ ਵੀ ਹਾਜ਼ਰ ਸਨ |