ਅੱਡਾ ਸਰਾਂ, 9 ਮਾਰਚ (ਹਰਜਿੰਦਰ ਸਿੰਘ ਮਸੀਤੀ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਟਾਂਡਾ ਵਲੋਂ ਡਾ. ਦਪਿੰਦਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਮੋਹਾਂ ਵਿਖੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਟਾਂਡਾ ਦੀ ਟੀਮ ਰੇਨੂ ਬਾਲਾ, ਸ਼੍ਰੀਮਤੀ ਨੀਲਮ ਜੋਤੀ ਖੇਤੀਬਾੜੀ ਵਿਸਥਾਰ ਅਫ਼ਸਰ ਤੇ ਜੈਸਮੀਨ ਕੌਰ, ਖੇਤੀਬਾੜੀ ਉਪ ਨਿਰੀਖਕ ਵੱਲੋਂ ਕੈਂਪ ਵਿਚ ਸ਼ਾਮਿਲ ਕਿਸਾਨ ਬੀਬੀਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਤਿਆਰ ਕੀਤੀਆਂ ਗਈਆਂ ਗਰਮੀਆਂ ਦੀਆਂ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਫ਼ਰੀ ਵੰਡੀਆਂ ਗਈਆਂ ਅਤੇ ਘਰੇਲੂ ਬਗੀਚੀ ਲਗਾ ਕੇ ਘਰੇ ਹੀ ਜ਼ਹਿਰ ਰਹਿਤ ਸਬਜ਼ੀਆਂ ਉਗਾਉਣ ਲਈ ਪ੍ਰੇਰਿਤ ਕੀਤਾ ਗਿਆ | ਸਬਜ਼ੀਆਂ ਲਈ ਰੂੜੀ ਦੀ ਖ਼ਾਦ ਅਤੇ ਗੰਡੋਆ ਖ਼ਾਦ ਦੀ ਵਰਤੋਂ ਕਰੋ ਅਤੇ ਬਿਮਾਰੀਆਂ ਅਤੇ ਕੀੜਿਆਂ ਦੀ ਰੋਕਥਾਮ ਲਈ ਜੈਵਿਕ ਤਰੀਕੇ ਜਿਵੇਂ ਕਿ ਨਿੰਮ ਦਾ ਘੋਲ ਸਪਰੇਅ ਕਰਨ ਦਾ ਤਰੀਕਾ ਅਪਣਾਓ | ਅੰਤ ਵਿਚ ਪਿੰਡ ਮੋਹਾਂ ਦੇ ਸਰਪੰਚ ਸਤਵਿੰਦਰ ਕੌਰ ਵੱਲੋਂ ਵਿਭਾਗ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਈਸ਼ਾ ਚੌਹਾਨ, ਦਲਜੀਤ ਕੌਰ, ਕਸ਼ਮੀਰ ਕੌਰ, ਗੁਰਪਾਲ ਕੌਰ, ਪਰਮਜੀਤ ਕੌਰ, ਮਨਜੀਤ ਕੌਰ, ਹਰਦੀਪ ਕੌਰ, ਅਨੀਤਾ ਰਾਣੀ, ਗੁਰਪ੍ਰੀਤ ਕੌਰ, ਜਸਬੀਰ ਕੌਰ,ਅਮਰਜੀਤ ਕੌਰ ਤੇ ਜਗਦੀਸ਼ ਕੌਰ ਆਦਿ ਮੌਜੂਦ ਸਨ |