ਚੱਬੇਵਾਲ, 12 ਮਾਰਚ (ਰਾਜੀਵ ਭਾਰਦਵਾਜ)-ਪੰਜਾਬ ਵਿਚ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੀ ਫੂਕ ਨਿਕਲ ਗਈ ਹੈ | 'ਆਪ' ਸਰਕਾਰ ਦੇ ਆਗੂ ਹੀ ਨਸ਼ਾ ਤਸਕਰੀ ਕਰਦੇ ਫੜੇ ਜਾ ਰਹੇ ਹਨ | ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਤੇ ਸਰਕਲ ਪ੍ਰਧਾਨ ਚੱਬੇਵਾਲ ਨਿਰਮਲ ਸਿੰਘ ਭੀਲੋਵਾਲ ਨੇ ਗੱਲਬਾਤ ਕਰਦਿਆਂ ਕਹੇ | ਉਨ੍ਹਾਂ ਕਿਹਾ ਕਿ ਪਿੰਡ ਕਲਸੀਆਂ ਕਲਾਂ ਹਲਕਾ ਖੇਮਕਰਨ ਤੋਂ ਆਪ ਪਾਰਟੀ ਦੇ ਆਗੂ ਅਤੇ ਪਿੰਡ ਦੇ ਸਰਪੰਚ ਪਰਮਜੀਤ ਸਿੰਘ ਦੇ ਘਰੋਂ ਹੈਰੋਇਨ ਮਿਲੀ ਹੈ | ਉਨ੍ਹਾਂ ਕਿਹਾ ਕਿ ਸਭ ਤੋਂ ਮਾੜੀ ਗੱਲ ਇਹ ਹੈ ਕਿ ਫੜਿਆ ਗਿਆ ਦੋਸ਼ੀ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਬਣਾਈਆਂ ਗਈਆਂ ਪੇਂਡੂ ਡਿਫੈਂਸ ਕਮੇਟੀਆਂ ਦਾ ਪ੍ਰਧਾਨ ਵੀ ਹੈ | ਉਨ੍ਹਾਂ ਕਿਹਾ ਕਿ ਇਸ ਤੋਂ ਸਾਬਿਤ ਹੁੰਦਾ ਹੈ ਕਿ ਆਪ ਦੇ ਆਗੂ ਹੀ ਨਸ਼ਾ ਤਸਕਰੀ ਕਰਦੇ ਹਨ ਅਤੇ ਸਰਕਾਰ ਖ਼ੁਦ ਨਸ਼ਾ ਵਿਕਵਾ ਰਹੀ ਹੈ ਅਤੇ ਇਸ ਤਰਾਂ ਦੀ ਮੁਹਿੰਮ ਚਲਾ ਕੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਗੰੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ |