ਹੁਸ਼ਿਆਰਪੁਰ, 2 ਅਪ੍ਰੈਲ (ਬਲਜਿੰਦਰਪਾਲ ਸਿੰਘ)-ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਤੀਕਸ਼ਣ ਸੂਦ ਨੇ ਬੀਤੇ ਦਿਨ ਹੋਏ ਭਾਜਪਾ ਦਫ਼ਤਰ ਪੰਜਾਬ ਚੰਡੀਗੜ੍ਹ ਦੇ ਨਜ਼ਦੀਕ ਗ੍ਰਨੇਡ ਨਾਲ ਹੋਏ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਇਹੋ ਜਿਹੀਆਂ ਘਟਨਾਵਾਂ ਮੰਦਭਾਗੀਆਂ ਹਨ ਹਾਲਾਂਕਿ ਇਸ ਧਮਾਕੇ 'ਚ ਕੇਵਲ ਵਾਹਨਾਂ ਤੇ ਇਮਾਰਤ ਨੂੰ ਹੀ ਨੁਕਸਾਨ ਪਹੁੰਚਿਆ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਉਨ੍ਹਾਂ ਕਿਹਾ ਕਿ ਜਦੋਂ ਦੀ ਪੰਜਾਬ 'ਚ 'ਆਪ' ਦੀ ਸਰਕਾਰ ਆਈ ਹੈ ਪੰਜਾਬ 'ਚ ਥਾਣਿਆਂ 'ਤੇ ਗ੍ਰਨੇਡ ਹਮਲੇ ਹੋ ਰਹੇ ਹਨ | ਇਸਦੇ ਨਾਲ ਹੀ ਬੀਤੇ ਦਿਨੀਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਨੂੰ ਤੋੜਨ ਕੀ ਕੋਸ਼ਿਸ਼ ਕੀਤੀ ਗਈ ਹੈ | ਅਜਿਹੀਆਂ ਘਟਨਾਵਾਂ ਸੂਬੇ ਦੀ ਭਾਈਚਾਰਕ ਸਾਂਝ ਤੇ ਏਕਤਾ ਨੂੰ ਤੋੜਨ ਅਤੇ ਅਮਨ ਸ਼ਾਂਤੀ ਨੂੰ ਵਿਗਾੜਨ ਦਾ ਕੰਮ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਭਾਜਪਾ ਕਦੇ ਵੀ ਇਹੋ ਜਿਹੇ ਧਮਾਕਿਆਂ ਤੋਂ ਡਰ ਕੇ ਆਪਸੀ ਭਾਈਚਾਰੇ ਅਤੇ ਅਮਨ ਸ਼ਾਂਤੀ ਨੂੰ ਕਦੇ ਭੰਗ ਨਹੀਂ ਹੋਣ ਦੇਵੇਗੀ |