ਮੁਕੇਰੀਆਂ, 3 ਅਪ੍ਰੈਲ (ਰਾਮਗੜ੍ਹੀਆ)-ਕੈਂਬਰਿਜ਼ ਓਵਰਸੀਜ਼ ਸਕੂਲ ਮੁਕੇਰੀਆਂ ਨੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਲਈ ਨਵੇਂ ਦਾਖ਼ਲ ਹੋਏ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਇਕ ਸ਼ਾਨਦਾਰ ਓਰੀਐਂਟੇਸ਼ਨ ਪ੍ਰੋਗਰਾਮ ਦਾ ਸਫਲਤਾ-ਪੂਰਵਕ ਆਯੋਜਨ ਕੀਤਾ | ਇਸ ਮੌਕੇ ਬੋਲਦੇ ਹੋਏ ਸਕੂਲ ਦੇ ਪਿ੍ੰਸੀਪਲ ਨੀਤੂ ਜੌਹਰੀ ਨੇ ਕਿਹਾ ਕਿ ਪ੍ਰੋਗਰਾਮ ਦਾ ਉਦੇਸ਼ ਨਵੇਂ ਵਿਦਿਆਰਥੀਆਂ ਨੂੰ ਸਕੂਲ ਦੇ ਵਾਤਾਵਰਣ, ਨਿਯਮਾਂ ਅਤੇ ਪ੍ਰਕਿਰਿਆਵਾਂ ਤੋਂ ਜਾਣੰੂ ਕਰਵਾਉਣਾ ਅਤੇ ਮਾਪਿਆਂ ਨਾਲ ਸਕੂਲ ਦੇ ਵਿਦਿਅਕ ਦਿ੍ਸ਼ਟੀਕੋਣ ਨੂੰ ਸਾਂਝਾ ਕਰਨਾ ਰਿਹਾ | ਪ੍ਰੋਗਰਾਮ ਦੀ ਸ਼ੁਰੂਆਤ ਦੀਵਾ ਜਗਾਉਣ ਅਤੇ ਸਵਾਗਤ ਭਾਸ਼ਣ ਨਾਲ ਹੋਈ | ਪਿ੍ੰਸੀਪਲ ਨੇ ਸਾਰੇ ਮਾਪਿਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਸਕੂਲ ਦੀ ਕਾਰਜਪ੍ਰਣਾਲੀ 'ਤੇ ਚਾਨਣਾ ਪਾਇਆ | ਉਨ੍ਹਾਂ ਕਿਹਾ ਕਿ ਸਕੂਲ ਸਿਰਫ ਅਕਾਦਮਿਕ ਉੱਤਮਤਾ ਤੱਕ ਸੀਮਿਤ ਨਹੀਂ ਹੈ, ਸਗੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ 'ਤੇ ਵੀ ਬਰਾਬਰ ਜ਼ੋਰ ਦਿੰਦਾ ਹੈ | ਸਕੂਲ ਦੇ ਐੱਮ. ਡੀ. ਸਚਿਨ ਸਮਿਆਲ ਤੇ ਚੇਅਰਪਰਸਨ ਸ਼ਿਖਾ ਸਮਿਆਲ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸਕੂਲ ਦਾ ਟੀਚਾ ਵਿਦਿਆਰਥੀਆਂ ਨੂੰ ਆਧੁਨਿਕ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਅਤੇ ਜਾਗਰੂਕ ਨਾਗਰਿਕ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ | ਪ੍ਰੋਗਰਾਮ ਦੌਰਾਨ ਅਧਿਆਪਕਾਂ ਨੇ ਮਾਪਿਆਂ ਨੂੰ ਸਕੂਲ ਦੀ ਸਿੱਖਿਆ ਵਿਧੀ, ਪਾਠਕ੍ਰਮ, ਸਹਿ-ਪਾਠਕ੍ਰਮ ਗਤੀਵਿਧੀਆਂ, ਮੁਲਾਂਕਣ ਪ੍ਰਣਾਲੀ ਅਤੇ ਅਨੁਸ਼ਾਸਨ ਨਿਯਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ | ਸਕੂਲ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਆਵਾਜਾਈ ਨੂੰ ਵਿਸ਼ੇਸ਼ ਤੌਰ 'ਤੇ ਉਜਾਗਰ ਕੀਤਾ | ਬੱਸ ਸੇਵਾਵਾਂ, ਡਰਾਈਵਰਾਂ ਅਤੇ ਸਹਾਇਕ ਸਟਾਫ ਦੀਆਂ ਜ਼ਿੰਮੇਵਾਰੀਆਂ, ਸਮਾਂ-ਸਾਰਣੀਆਂ ਅਤੇ ਸੁਰੱਖਿਆ ਮਿਆਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਗਈ | ਮਾਪਿਆਂ ਨੂੰ ਸੂਚਿਤ ਕੀਤਾ ਗਿਆ ਕਿ ਸਾਰੇ ਡਰਾਈਵਰ ਸਿਖਲਾਈ ਪ੍ਰਾਪਤ ਹਨ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਇੱਕ ਪ੍ਰਮੁੱਖ ਤਰਜੀਹ ਹੈ | ਪ੍ਰੋਗਰਾਮ ਦੇ ਅੰਤ ਵਿਚ ਮਾਪਿਆਂ ਨੇ ਸਕੂਲ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ |