ਗੜ੍ਹਸ਼ੰਕਰ, 3 ਅਪ੍ਰੈਲ (ਧਾਲੀਵਾਲ)-ਇੱਥੋਂ ਦੇ ਪਿੰਡ ਨੂਰਪੁਰ ਜੱਟਾਂ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ. ਅੰਬੇਡਕਰ ਦੇ ਬੁੱਤ ਦੀ ਭੰਨ-ਤੋੜ ਕਰਨ ਦੇ ਮਾਮਲੇ 'ਚ ਬਹੁਜਨ ਸਮਾਜ ਪਾਰਟੀ ਵਲੋਂ 72 ਘੰਟਿਆਂ 'ਚ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦੇ ਦਿੱਤੇ ਅਲਟੀਮੇਟਮ ਤੋਂ ਬਾਅਦ ਪੁਲਿਸ ਵਲੋਂ ਦੋਸ਼ੀਆਂ ਨੂੰ ਗਿ੍ਫ਼ਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਬਸਪਾ ਵਲੋਂ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ ਹੇਠ ਪੱਕਾ ਰੋਸ ਧਰਨਾ ਸ਼ੁਰੂ ਕਰ ਦਿੱਤਾ ਗਿਆ | ਰੋਸ ਧਰਨੇ ਦੌਰਾਨ ਡਾ. ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਨੇ ਸੰਬੋਧਨ ਕਰਦਿਆਂ 'ਆਪ' ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਰੋਸ ਪ੍ਰਗਟਾਇਆ | ਉਨ੍ਹਾਂ ਕਿਹਾ ਕਿ ਸੂਬੇ ਵਿਚ ਵੱਖ-ਵੱਖ ਥਾਵਾਂ 'ਤੇ ਡਾ. ਭੀਮ ਰਾਓ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਘਟਨਾਵਾਂ ਵਾਪਰਨ ਤੋਂ ਬਾਅਦ ਵੀ ਸਰਕਾਰ ਬੁੱਤਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾ ਸਕੀ | ਉਨ੍ਹਾਂ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਲੈ ਕੇ ਰੋਸ ਜ਼ਾਹਿਰ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸਮੇਤ ਪੁਲਿਸ ਅਧਿਕਾਰੀਆਂ ਨੂੰ ਬੰਧੂਆ ਮਜ਼ਦੂਰ ਦੱਸਿਆ | ਧਰਨੇ ਦੌਰਾਨ ਪ੍ਰਸ਼ਾਸਨ ਵਲੋਂ ਕਿਸੇ ਅਧਿਕਾਰੀ ਦੇ ਨਾ ਪਹੁੰਚਣ ਦੀ ਸੂਰਤ ਵਿਚ ਸੜਕ ਜਾਮ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਡੀ. ਐੱਸ. ਪੀ. ਦਲਜੀਤ ਸਿੰਘ ਖੱਖ ਨੇ ਨੂਰਪੁਰ ਜੱਟਾਂ ਦੀ ਪਹਿਲੀ ਘਟਨਾ ਦੇ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਦੀ ਜਾਣਕਾਰੀ ਦਿੰਦਿਆਂ ਤਾਜ਼ਾ ਘਟਨਾ ਦੇ ਮਾਮਲੇ 'ਚ ਵੱਖ-ਵੱਖ ਟੀਮਾਂ ਵਲੋਂ ਦੋਸ਼ੀਆਂ ਦੀ ਭਾਲ ਕੀਤੀ ਜਾਣ ਸਬੰਧੀ ਧਰਨਾਕਾਰੀਆਂ ਨੂੰ ਜਾਣੂ ਕਰਵਾਇਆ | ਇਸ ਦੌਰਾਨ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਦੋਸ਼ੀਆਂ ਦੀ ਗਿ੍ਫ਼ਤਾਰੀ ਨਾ ਹੋਣ ਦੇ ਰੋਸ ਵਜੋਂ ਪੱਕਾ ਧਰਨਾ ਲਗਾਉਣ ਦਾ ਐਲਾਨ ਕੀਤਾ ਤੇ ਇਸ ਦੌਰਾਨ ਦੋਆਬੇ ਦੇ ਵੱਖ-ਵੱਖ ਹਲਕਿਆਂ ਤੋਂ ਪਾਰਟੀ ਆਗੂਆਂ ਦੀ ਧਰਨੇ 'ਚ ਸ਼ਮੂਲੀਅਤ ਦੀ ਸੂਚੀ ਜਾਰੀ ਕੀਤੀ | ਧਰਨੇ ਦੌਰਾਨ ਨਵਾਂਸ਼ਹਿਰ ਤੋਂ ਵਿਧਾਇਕ ਡਾ. ਨਛੱਤਰ ਪਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋਈ ਹੈ | ਉਨ੍ਹਾਂ ਕਿਹਾ ਕਿ ਵੱਡੇ ਵਾਅਦੇ ਕਰਕੇ ਸੱਤਾ 'ਚ ਆਈ ਆਪ ਸਰਕਾਰ ਦੇ ਰਾਜ ਵਿਚ ਹਰ ਪਾਸੇ ਧਰਨੇ ਪ੍ਰਦਰਸ਼ਨ ਹੋ ਰਹੇ ਹਨ | ਧਰਨੇ ਦੌਰਾਨ 18 ਅਪ੍ਰੈਲ ਨੂੰ ਡੀ.ਐੱਸ.ਪੀ. ਦਫ਼ਤਰ ਸਾਹਮਣੇ ਵੱਡਾ ਇਕੱਠ ਕਰਨ ਦਾ ਵੀ ਐਲਾਨ ਕੀਤਾ ਗਿਆ | ਧਰਨੇ ਦੌਰਾਨ ਦਲਜੀਤ ਰਾਏ ਜ਼ਿਲ੍ਹਾ ਪ੍ਰਧਾਨ, ਚੌਧਰੀ ਗੁਰਨਾਮ ਸਿੰਘ ਸਟੇਟ ਕੋਆਰਡੀਨੇਟਰ, ਪਲਵਿੰਦਰ ਮਾਹਨਾ, ਪ੍ਰਵੀਨ ਬੰਗਾ ਜਨਰਲ ਸਕੱਤਰ ਪੰਜਾਬ, ਯਸ਼ ਭੱਟਾ ਹਲਕਾ ਪ੍ਰਧਾਨ ਚੱਬੇਵਾਲ, ਰਣਬੀਰ ਬੱਬਰ ਸਟੇਟ ਸਕੱਤਰ, ਮਲਕੀਤ ਸਿੰਘ ਸੂੰਨੀ ਪ੍ਰਧਾਨ ਹਲਕਾ ਗੜ੍ਹਸ਼ੰਕਰ, ਅਸ਼ੋਕ ਬਡੇਸਰੋਂ ਹਲਕਾ ਇੰਚਾਰਜ ਗੜ੍ਹਸ਼ੰਕਰ, ਚਮਨ ਲਾਲ ਪ੍ਰਧਾਨ ਸਿਟੀ ਮਾਹਿਲਪੁਰ, ਬਖਸ਼ੀਸ਼ ਸਿੰਘ ਭੀਮ ਇੰਚਾਰਜ ਹਲਕਾ ਗੜ੍ਹਸ਼ੰਕਰ, ਸੁਖਵਿੰਦਰ ਡਘਾਮ, ਚਰਨਜੀਤ ਸਿੰਘ ਮਜਾਰਾ ਡੀਂਗਰੀਆਂ ਤੇ ਹੋਰ ਹਾਜ਼ਰ ਸਨ |