ਬੰਗਾ, 5 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਇਸ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਗੁਰੂ ਘਰਾਂ ਵਿਚ ਗੁਰੂ ਕੇ ਵਜੀਰਾਂ ਵਜੋਂ ਸੇਵਾਵਾਂ ਨਿਭਾਅ ਰਹੇ ਗ੍ਰੰਥੀ ਸਿੰਘਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਬੁਲਾਰੇ ਵਜੋਂ ਨਿਯੁਕਤ ਹੋਏ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਨੂੰ ਪਿੰਡ ਭਰੋਮਜਾਰਾ ਵਿਖੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਜਥੇਦਾਰ ਖਾਲਸਾ ਨੇ ਸਭ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਹਰ ਵਕਤ ਗੁਰੂ ਕੇ ਵਜੀਰ ਸਿੰਘਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਰਹਿਣਗੇ | ਉਹ ਆਪਣੀਆਂ ਸੇਵਾਵਾਂ ਪੂਰੇ ਸਮਰਪਣ ਨਾਲ ਨਿਭਾਉਂਦੇ ਰਹਿਣਗੇ | ਸਨਮਾਨਿਤ ਕਰਨ ਵਾਲੇ ਗੁਰੂ ਕੇ ਵਜੀਰ ਸਿੰਘਾਂ ਵਿੱਚ ਬਾਬਾ ਬੁੱਢਾ ਜੀ ਨਿਊ ਗ੍ਰੰਥੀ ਸਭਾ ਦੋਆਬਾ ਜੋਨ ਹਲਕਾ ਬੰਗਾ ਤੋਂ ਸ. ਰਜਿੰਦਰ ਸਿੰਘ, ਗੁਰਵਿੰਦਰਪਾਲ ਸਿੰਘ, ਰਣਧੀਰ ਸਿੰਘ, ਵਰਿੰਦਰ ਸਿੰਘ, ਸੁਖਦੇਵ ਸਿੰਘ, ਜਰਨੈਲ ਸਿੰਘ, ਗੁਰਮੁਖ ਸਿੰਘ, ਰੌਣਕ ਸਿੰਘ, ਮਨਰਾਜ ਸਿੰਘ, ਬਿੰਦਰ ਸਿੰਘ, ਰਮਨਦੀਪ ਸਿੰਘ, ਹਰਮਨ ਸਿੰਘ, ਗੁਰਮੀਤ ਸਿੰਘ ਸ਼ਾਮਲ ਸਨ | ਇਸ ਸਨਮਾਨ ਸਮਾਗਮ ਦੀ ਅਗਵਾਈ ਜਥੇਦਾਰ ਜੀ. ਪੀ ਸਿੰਘ ਲੰਗੇਰੀ ਅਤੇ ਭਾਈ ਰਜਿੰਦਰ ਸਿੰਘ ਭਰੋਮਜਾਰਾ ਨੇ ਸਾਂਝੇ ਤੌਰ 'ਤੇ ਕੀਤੀ | ਉਨ੍ਹਾਂ ਇਸ ਮੌਕੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਜਥੇਦਾਰ ਗੁਰਬਖਸ਼ ਸਿੰਘ ਖ਼ਾਲਸਾ 'ਤੇ ਪੂਰਾ ਮਾਣ ਅਤੇ ਵਿਸ਼ਵਾਸ਼ ਹੈ | ਉਹ ਦਿਲੋਂ ਗ੍ਰੰਥੀ ਸਿੰਘਾਂ ਦਾ ਬੇਹੱਦ ਸਤਿਕਾਰ ਕਰਦੇ ਹਨ |