ਮੁਕੰਦਪੁਰ, 5 ਅਪ੍ਰੈਲ (ਅਮਰੀਕ ਸਿੰਘ ਢੀਂਡਸਾ)-ਸਮਾਜ ਸੇਵਾ ਦੇ ਖੇਤਰ ਵਿਚ ਸਰਗਰਮ ਲਾਇਨਜ਼ ਕਲੱਬ ਮੁਕੰਦਪੁਰ 321- ਡੀ ਵਲੋਂ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਇੱਕ ਸਰਾਹੁਣਯੋਗ ਉਪਰਾਲਾ ਕੀਤਾ ਗਿਆ | ਕਲੱਬ ਦੇ ਪ੍ਰਧਾਨ ਰਾਜੀਵ ਕੁਮਰ ਦੇ ਦਿਸ਼ਾ-ਨਿਰਦੇਸ਼ ਹੇਠ ਸਰਕਾਰੀ ਸਕੂਲ ਰਾਏਪੁਰ ਡੱਬਾ ਦੇ ਮੁੱਖ ਅਧਿਆਪਕ ਰਾਜ ਕੁਮਾਰ ਵਲੋਂ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ | ਬੱਚਿਆਂ ਨੂੰ ਸਟੇਸ਼ਨਰੀ ਦੇਣ ਦਾ ਉਪਰਾਲਾ ਕਲੱਬ ਦੇ ਵਾਇਸ ਪ੍ਰਧਾਨ ਰਾਜ ਕੁਮਾਰ ਵਲੋਂ ਨਿੱਜੀ ਤੌਰ 'ਤੇ ਕੀਤਾ ਗਿਆ | ਇਸ ਮੌਕੇ ਕਲੱਬ ਦੇ ਸਕੱਤਰ ਅਤੇ ਸੇਵਾ ਮੁਕਤ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਮਰਜੀਤ ਖਟਕੜ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਹਾਇਤਾ ਕਰਨਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਇਸ ਤਰ੍ਹਾਂ ਦੇ ਉਪਰਾਲੇ ਬੱਚਿਆਂ ਨੂੰ ਪੜ੍ਹਾਈ ਵੱਲ ਪ੍ਰੇਰਿਤ ਕਰਦੇ ਹਨ | ਮੁੱਖ ਅਧਿਆਪਕ ਰਾਜ ਕੁਮਾਰ ਨੇ ਲਾਇਨਜ਼ ਕਲੱਬ ਮੁਕੰਦਪੁਰ 321- ਡੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਲੱਬ ਹਮੇਸ਼ਾਂ ਹੀ ਸਮਾਜ ਭਲਾਈ ਦੇ ਕੰਮਾਂ ਵਿੱਚ ਅੱਗੇ ਰਹਿੰਦਾ ਹੈ | ਲਾਇਨਜ਼ ਕਲੱਬ ਦੇ ਮੈਂਬਰਾਂ ਨੇ ਵੀ ਕਿਹਾ ਕਿ ਉਹ ਆਗਾਮੀ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਸੇਵਾ ਕਾਰਜ ਜਾਰੀ ਰੱਖਣਗੇ ਤਾਂ ਜੋ ਲੋੜਵੰਦ ਬੱਚਿਆਂ ਦੀ ਮਦਦ ਕੀਤੀ ਜਾ ਸਕੇ | ਇਸ ਮੌਕੇ ਧਰਿੰਦਰ ਬੱਧਣ, ਬਲਜਿੰਦਰ ਕੁਮਾਰ, ਕੁਲਦੀਪ ਗਹਿਲ ਮਜਾਰੀ, ਜਸਵੀਰ ਰੁਹੇਲਾ, ਗੁਰਮੁੱਖ ਸਿੰਘ, ਮਦਨ ਲਾਲ, ਹਰਦੇਵ ਰਾਮ ਤੋਂ ਇਲਾਵਾ ਸਕੂਲ ਦਾ ਸਟਾਫ਼ ਤੇ ਹੋਰ ਕਲੱਬ ਦੇ ਮੈਂਬਰ ਹਾਜ਼ਰ ਸਨ |