ਦਸੂਹਾ, 7 ਅਪ੍ਰੈਲ (ਭੁੱਲਰ)-ਕਾਰ ਸੇਵਾ ਭੂਰੀ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਬਣਾਈ ਗਈ ਨਵੀਂ ਆਲੀਸ਼ਾਨ ਇਮਾਰਤ ਤੇ ਗੁੰਬਦਾਂ ਦੇ ਕਲਸ 11 ਅਪ੍ਰੈਲ ਨੂੰ ਚੜ੍ਹਾਏ ਜਾਣਗੇ | ਇਸ ਸਬੰਧੀ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ ਅਤੇ ਬਾਬਾ ਲਸ਼ਕਰ ਸਿੰਘ ਨੇ ਦੱਸਿਆ ਕਿ 11 ਅਪ੍ਰੈਲ ਨੂੰ ਜੈਕਾਰਿਆਂ ਦੀ ਗੂੰਜ ਵਿਚ ਦੀਵਾਨ ਹਾਲ ਤੇ ਬਣਾਏ ਗਏ ਗੁੰਬਦਾਂ ਤੇ ਕਲਸ ਚੜ੍ਹਾਏ ਜਾਣਗੇ | ਇਸ ਮੌਕੇ ਕਾਰ ਸੇਵਾ ਪੂਰੀ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚਣਗੇ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਨ੍ਹਾਂ ਹੋਰ ਦੱਸਿਆ ਕਿ ਵਿਸਾਖੀ ਦੇ ਪੁਰਬ ਤੋਂ ਬਾਅਦ ਵਿਸ਼ਾਲ ਸਰੋਵਰ ਦੀ ਕਾਰ ਸੇਵਾ ਵੀ ਸ਼ੁਰੂ ਕੀਤੀ ਜਾਵੇਗੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਸਰੋਵਰ ਬਣਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਸ੍ਰੀ ਅਖੰਡ ਪਾਠ ਸਾਹਿਬ ਦੇ ਕਮਰੇ ਕਮਰਿਆਂ ਦੀ ਕਾਰ ਸੇਵਾ ਚੱਲ ਰਹੀ ਹੈ | ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਹੋਰ ਅਨੇਕਾਂ ਕਾਰਜਾਂ ਦੀ ਕਾਰ ਸੇਵਾ ਕੀਤੀ ਜਾਵੇਗੀ | ਉਨ੍ਹਾਂ ਸਹਿਯੋਗ ਦੇਣ ਵਾਲੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਰਾਜ ਗੁਰਸ਼ਰਨ ਸਿੰਘ ਬਲੱਗਣ, ਦਵਿੰਦਰ ਸਿੰਘ ਕਾਹਲੋ, ਹਰਪਾਲ ਸਿੰਘ ਬਿੱਟਾ, ਜਸਵਿੰਦਰ ਸਿੰਘ ਕਾਲੜਾ ਆਦਿ ਨੇ ਕਾਰ ਸੇਵਾ ਭੂਰੀ ਵਾਲਿਆਂ ਵੱਲੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਾਰ ਸੇਵਾ ਵਿਚ ਵੱਧ ਚੜ ਕੇ ਯੋਗਦਾਨ ਪਾਉਣ | ਇਸ ਮੌਕੇ ਹੋਰ ਵੀ ਸ਼ਖ਼ਸੀਅਤਾਂ ਹਾਜ਼ਰ ਸਨ |