ਮੁਕੇਰੀਆਂ, 8 ਅਪ੍ਰੈਲ (ਰਾਮਗੜ੍ਹੀਆ)-ਗੁਰੂ ਨਾਨਕ ਸੇਵਾ ਸੁਸਾਇਟੀ ਆਲ ਇੰਡੀਆ ਦੇ ਚੇਅਰਮੈਨ ਕਿਰਪਾਲ ਸਿੰਘ ਗੇਰਾ ਨੇ ਪਿੰਡ ਲੰਗਾਹ ਦੇ 32 ਸਾਲਾ ਸੁਸ਼ੀਲ ਕੁਮਾਰ ਦੀ ਖ਼ੁਦਕੁਸ਼ੀ ਤੋਂ ਬਾਅਦ ਪੀੜਤ ਪਰਿਵਾਰ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਇਨਸਾਫ਼ ਨਾ ਦੇਣ 'ਤੇ ਹਾਈਕੋਰਟ ਵਿਚ ਇਨਸਾਫ਼ ਲਈ ਪਟੀਸ਼ਨ ਦਾਇਰ ਕਰਨ ਵਾਸਤੇ ਮਿ੍ਤਕ ਦੇ ਪਰਿਵਾਰ ਨੂੰ 55 ਹਜ਼ਾਰ ਰੁਪਏ ਦੀ ਵਿੱਤੀ ਮਦਦ ਭੇਟ ਕੀਤੀ | ਇਸ ਮੌਕੇ ਕਿਰਪਾਲ ਸਿੰਘ ਗੇਰਾ ਨੇ ਕਿਹਾ ਕਿ ਮੁਕੇਰੀਆਂ ਸ਼ਹਿਰ ਵਿਚ ਮਿ੍ਤਕ ਸੁਸ਼ੀਲ ਕੁਮਾਰ 'ਤੇ ਹੋਏ ਗੰਭੀਰ ਹਮਲੇ ਦੇ ਮਾਮਲੇ ਵਿਚ ਪੁਲਿਸ ਅਤੇ ਸਿਹਤ ਵਿਭਾਗ ਦੀ ਢਿੱਲੀ ਤੇ ਸ਼ੱਕੀ ਕਾਰਵਾਈ ਕਾਰਨ ਮਾਨਸਿਕ ਪੀੜਾ ਸਹਿਣ ਨਾ ਕਰਕੇ ਸੁਸ਼ੀਲ ਕੁਮਾਰ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਸੀ | ਉਨ੍ਹਾਂ ਦੋਸ਼ ਲਾਇਆ ਕਿ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਬਜਾਏ, ਪੁਲਿਸ ਮਿ੍ਤਕ ਸੁਸ਼ੀਲ ਕੁਮਾਰ ਅਤੇ ਉਸ ਦੇ ਪਰਿਵਾਰ 'ਤੇ ਸਮਝੌਤਾ ਕਰਨ ਲਈ ਲਗਾਤਾਰ ਦਬਾਅ ਪਾਉਂਦੀ ਰਹੀ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਕੁੱਝ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ, ਪਰ 2 ਅਜੇ ਵੀ ਫ਼ਰਾਰ ਹਨ | ਕਿਰਪਾਲ ਸਿੰਘ ਗੇਰਾ ਨੇ ਕਿਹਾ ਕਿ ਮਿ੍ਤਕ ਸੁਸ਼ੀਲ ਕੁਮਾਰ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸੇਵਾ ਸੁਸਾਇਟੀ ਹਮੇਸ਼ਾਂ ਹੱਕ ਅਤੇ ਸੱਚ ਦੀ ਲੜਾਈ ਗ਼ਰੀਬ ਲੋਕਾਂ ਲਈ ਲੜਦੀ ਆ ਰਹੀ ਹੈ, ਇਸ ਲਈ ਇਹ ਯਕੀਨੀ ਬਣਾਇਆ ਜਾਵੇਗਾ ਕਿ ਉਸ ਦੀ ਬੁੱਢੀ ਮਾਂ ਲਕਸ਼ਮੀ ਦੇਵੀ ਦਾ ਇਕਲੌਤਾ ਸਹਾਰਾ ਖੋਹਣ ਵਾਲੇ ਦੋਸ਼ੀਆਂ ਨੂੰ ਸਜ਼ਾ ਮਿਲੇ, ਭਾਵੇਂ ਉਸ ਨੂੰ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾਣਾ ਪਵੇ | ਮਿ੍ਤਕ ਸੁਸ਼ੀਲ ਕੁਮਾਰ ਦੀ ਭੈਣ ਸੰਜਨਾ ਨੇ ਕਿਹਾ ਕਿ ਚੇਅਰਮੈਨ ਕਿਰਪਾਲ ਸਿੰਘ ਗੇਰਾ ਪਹਿਲੇ ਦਿਨ ਤੋਂ ਹੀ ਉਨ੍ਹਾਂ ਦੀ ਮਦਦ ਕਰ ਰਹੇ ਹਨ ਅਤੇ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ, ਉਨ੍ਹਾਂ ਨੇ ਕੇਸ ਲੜਨ ਲਈ ਵਕੀਲ ਦੀ ਫ਼ੀਸ ਅਦਾ ਕੀਤੀ ਹੈ ਤੇ ਉਹ ਆਪਣੇ ਪਰਿਵਾਰ ਵਲੋਂ ਉਨ੍ਹਾਂ ਦਾ ਧੰਨਵਾਦ ਕਰਦੀ ਹੈ | ਇਸ ਮੌਕੇ ਮਿ੍ਤਕ ਸੁਸ਼ੀਲ ਕੁਮਾਰ ਦੇ ਮਾਮਾ ਚਮਨ ਲਾਲ ਨੇ ਕਿਰਪਾਲ ਸਿੰਘ ਗੇਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਉਹ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਨਾਲ ਖੜ੍ਹੇ ਹਨ, ਤਾਂ ਸਾਡਾ ਭਾਈਚਾਰਾ ਹਮੇਸ਼ਾ ਕਿਰਪਾਲ ਸਿੰਘ ਗੇਰਾ ਦੇ ਨਾਲ ਖੜ੍ਹਾ ਰਹੇਗਾ | ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਲਖਵਿੰਦਰ ਸਿੰਘ ਟਿੰਮੀ ਹਾਜੀਪੁਰ, ਅਨੂਪ ਸਿੰਘ ਤੇ ਰਾਜੀਵ ਸਿੰਘ ਆਦਿ ਹਾਜ਼ਰ ਸਨ |