ਹੁਸ਼ਿਆਰਪੁਰ, 8 ਅਪ੍ਰੈਲ (ਬਲਜਿੰਦਰਪਾਲ ਸਿੰਘ)-ਤਾਜ਼ਾ ਮੀਂਹ ਨਾਲ ਜਿੱਥੇ ਕਣਕ ਦੀ ਫ਼ਸਲ ਤਿਆਰ ਹੋਣ ਦੀ ਉਡੀਕ ਕਰ ਰਹੇ ਕਿਸਾਨਾਂ ਦੇ ਚਿਹਰਿਆਂ 'ਤੇ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ, ਉੱਥੇੇ ਹੀ ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਤੇਜ਼ ਹਵਾਵਾਂ ਨਾਲ ਪੈ ਰਹੇ ਇਸ ਮੀਂਹ ਨਾਲ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ ਅਤੇ ਖ਼ਾਸਕਰ ਅਗੇਤੀ ਬਿਜਾਈ ਵਾਲੀ ਕਣਕ ਦੀ ਫ਼ਸਲ ਇਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ | ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਕਰੀਬ 15 ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਬੇਮੌਸਮੇ ਮੀਂਹ ਅਤੇ ਚੱਲੀ ਹਨੇਰੀ ਨਾਲ ਪੱਕਣ ਨੇੜੇ ਪੁੱਜੀ ਕਣਕ ਦੀ ਫ਼ਸਲ ਖੇਤਾਂ 'ਚ ਵਿਛ ਜਾਣ ਕਾਰਨ ਕਣਕ ਦੇ ਝਾੜ 'ਚ ਕਮੀ ਆਉਣ ਅਤੇ ਕਣਕ ਦਾ ਦਾਣਾ ਵੀ ਕਾਲਾ ਫਿਰ ਜਾਣ ਦਾ ਖ਼ਦਸ਼ਾ ਬਣ ਗਿਆ ਹੈ | ਹੁਸ਼ਿਆਰਪੁਰ ਜ਼ਿਲ੍ਹੇ 'ਚ ਅਕਸਰ ਕਣਕ ਦੀ ਵਾਢੀ 15 ਤੋਂ 20 ਅਪ੍ਰੈਲ ਦੌਰਾਨ ਸ਼ੁਰੂ ਹੋ ਜਾਂਦੀ ਸੀ, ਪਰ ਇਸ ਵਾਰ ਵਾਢੀ ਦੇ ਕੰਮ 'ਚ ਹੋਰ ਵੀ ਦੇਰੀ ਹੋਣ ਦੀ ਸੰਭਾਵਨਾ ਹੈ | ਇਸ ਦੇ ਨਾਲ-ਨਾਲ ਮੀਂਹ ਦਾ ਅਸਰ ਦਾਣਾ ਮੰਡੀਆਂ 'ਚ ਵਿਖਾਈ ਦੇ ਰਿਹਾ ਹੈ, ਜਿੱਥੇ ਸੁੰਨ ਪਸਰੀ ਹੋਈ ਹੈ ਅਤੇ ਆੜ੍ਹਤੀ ਤੇ ਮਜ਼ਦੂਰ ਵਿਕਣ ਵਾਲੀ ਕਣਕ ਦੀ ਫ਼ਸਲ ਦੀ ਉਡੀਕ 'ਚ ਬੈਠੇ ਨਜ਼ਰ ਆ ਰਹੇ ਹਨ | ਇਸ ਸਬੰਧੀ ਜ਼ਿਲ੍ਹੇ ਦੇ ਵੱਖ-ਵੱਖ ਕਿਸਾਨਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਮੀਂਹ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਸਰਕਾਰ ਤੋਂ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਝੋਨੇ ਦੇ ਖੇਤਾਂ 'ਚ ਬੀਜੀ ਗਈ ਕਣਕ ਦੀ ਫ਼ਸਲ ਇਸ ਸਮੇਂ ਪੱਕ ਕੇ ਤਿਆਰ ਹੋ ਚੁੱਕੀ ਹੈ ਤੇ ਵਾਢੀ ਦਾ ਕੰਮ ਵੀ 15 ਅਪ੍ਰੈਲ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਸੀ, ਪਰ ਇਸ ਬੇਮੌਸਮੇ ਮੀਂਹ ਨਾਲ ਹੁਣ ਵਾਢੀ ਦਾ ਕੰਮ ਵੀ ਪੱਛੜ ਗਿਆ ਹੈ ਤੇ ਕਣਕ ਦੇ ਵਿਛ ਜਾਣ ਕਾਰਨ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਪੁੱਜਿਆ ਹੈ | ਉੱਘੇ ਕਿਸਾਨ ਗੁਰਦੀਪ ਸਿੰਘ ਖੁਣ ਖੁਣ, ਗੁਰਮੀਤ ਸਿੰਘ ਬਾਗਪੁਰ, ਪਰਮਜੀਤ ਸਿੰਘ ਚਿੱਪੜਾ, ਗਿਆਨ ਸਿੰਘ ਬੈਂਸ ਖ਼ੁਰਦ, ਪਰਮਿੰਦਰ ਸਿੰਘ ਥੇਂਦਾ ਤੇ ਹੋਰਨਾਂ ਕਿਸਾਨਾਂ ਨੇ ਇਸ ਬੇਮੌਸਮੇ ਮੀਂਹ ਅਤੇ ਤੇਜ਼ ਹਨੇਰੀ ਨਾਲ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ 'ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਪਹਿਲਾਂ ਹੀ ਆਲੂ ਦੀ ਫ਼ਸਲ ਤੋਂ ਭਾਰੀ ਆਰਥਿਕ ਨੁਕਸਾਨ ਪੁੱਜ ਚੁੱਕਾ ਹੈ ਅਤੇ ਹੁਣ ਕਣਕ ਦੀ ਫ਼ਸਲ 'ਤੇ ਆਸ ਸੀ, ਪਰ ਉਹ ਵੀ ਬੇਮੌਸਮੇ ਮੀਂਹ ਤੇ ਹਨੇਰੀ ਕਾਰਨ ਟੁੱਟਦੀ ਨਜ਼ਰ ਆ ਰਹੀ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੇਮੌਸਮੇ ਮੀਂਹ, ਹਨੇਰੀ ਤੇ ਗੜ੍ਹੇਮਾਰੀ ਨਾਲ ਨੁਕਸਾਨੀ ਗਈ ਕਣਕ ਦੀ ਫ਼ਸਲ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ |