ਨੌਸ਼ਹਿਰਾ ਪੱਤਣ, 8 ਅਪ੍ਰੈਲ (ਗੁਰਜੀਤ ਸਿੰਘ ਭੰਮਰਾ)-ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕੀਤੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਹਨ, ਜਿਸ ਕਾਰਨ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬੀਆਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ | ਇਹ ਪ੍ਰਗਟਾਵਾ ਮਸਜਿੰਦਰ ਸਿੰਘ 'ਆਪ' ਆਗੂ ਨੇ ਪਿੰਡ ਜਾਹਿਦਪੁਰ ਅਵਾਣਾਂ ਵਿਖੇ ਲੋਕਾਂ ਨੂੰ 'ਆਪ' ਸਰਕਾਰ ਦੀਆਂ ਪ੍ਰਾਪਤੀਆਂ ਤੋਂ ਜਾਣੂੰ ਕਰਵਾਉਂਦਿਆਂ ਕੀਤਾ | ਉਨ੍ਹਾਂ ਕਿਹਾ ਇਸ ਤੋਂ ਪਹਿਲਾਂ ਵਾਲੀਆਂ ਪਾਰਟੀਆਂ ਚੋਣਾਂ ਵਿਚ ਕੀਤੇ ਵਾਅਦੇ ਪੂਰੇ ਨਹੀਂ ਸਨ ਕਰਦੀਆਂ ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਰੂਰਲ ਡਿਵੈਲਪਮੈਂਟ ਅਤੇ ਹੈਲਥ ਮਿਸ਼ਨ ਦੇ ਬਣਦੇ ਪੈਸੇ ਨੂੰ ਸਹੀ ਤਰੀਕੇ ਨਾਲ ਲਗਾਇਆ ਹੈ | ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦੇ ਰਾਜ ਅੰਦਰ ਪੰਜਾਬ ਵਿਚ ਬਹੁਤ ਜ਼ਿਆਦਾ ਵਿਕਾਸ ਹੋਇਆ ਹੈ ਜਿਵੇਂ ਲੋਕਾਂ ਨੂੰ ਮੁਫ਼ਤ ਬਿਜਲੀ, ਮੁਫ਼ਤ ਸਿਹਤ ਬੀਮਾ ਅਤੇ 1000-1500 ਰੁਪਏ ਔਰਤਾਂ ਨੂੰ ਮਿਲਣ ਜਾ ਰਹੇ ਹਨ | ਇਸ ਸਮੇਂ ਪੇਂਡੂ ਅਤੇ ਪੰਜਾਬ ਦੀਆਂ ਮੁੱਖ ਸੜਕਾਂ ਦੀ ਮੁਰੰਮਤ ਅਤੇ ਨਵੀਆਂ ਸੜਕਾਂ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਹਰ ਸਾਲ ਕਿਸਾਨਾਂ ਦੀ ਮੰਡੀਆਂ ਅਤੇ ਖੰਡ ਮਿਲਾਂ ਵਿਚ ਦੁਰਦਸ਼ਾ ਹੁੰਦੀ ਸੀ ਪਰੰਤੂ ਪਿਛਲੇ 4 ਸਾਲਾਂ ਦੌਰਾਨ ਕਿਸਾਨਾਂ ਨੂੰ ਪੇਸ਼ ਆਉਂਦੀਆਂ ਪਿਛਲੇ ਸਮੇਂ ਦੀਆਂ ਔਕੜਾਂ ਦਾ ਵੀ ਹੱਲ ਮਿਲਿਆ ਹੈ | ਉਨ੍ਹਾਂ ਕਿਹਾ ਕਿ ਅੱਜ ਹਰ ਵਰਗ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲਾ ਹੈ ਅਤੇ ਵਰਕਰ ਖ਼ੁਦ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਘਰ-ਘਰ ਪਹੁੰਚਾ ਰਹੇ ਹਨ | ਇਸ ਮੌਕੇ ਉਨ੍ਹਾਂ ਨਾਲ ਦਰਸ਼ਨਾਂ ਦੇਵੀ, ਸੁਭਾਸ਼ ਚੰਦਰ, ਹਰਬੰਸ ਲਾਲ, ਸੁਖਦਿਆਲ ਸਿੰਘ, ਪੰਚ ਕੁਲਤਾਰ, ਪੰਚ ਮੋਨਿਕਾ, ਪੰਚ ਪਰਵੀਨ ਪੰਮੀ ਆਦਿ ਹਾਜ਼ਰ ਸਨ |