ਮੁਕੇਰੀਆਂ, 8 ਅਪ੍ਰੈਲ (ਰਾਮਗੜ੍ਹੀਆ)-ਪਿੰਡ ਕੋਂਤਰਪੁਰ ਵਿਖੇ ਕਿਸਾਨ ਕੰਸਰਾਜ ਦੇ ਘਰ ਕਿਸਾਨਾਂ ਦੀ ਮੀਟਿੰਗ ਹੋਈ | ਇਸ ਮੀਟਿੰਗ ਦੀ ਪ੍ਰਧਾਨਗੀ ਹਰਤਰਨਪਾਲ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ ਨੇ ਕੀਤੀ | ਮੀਟਿੰਗ ਵਿਚ ਖੇਤੀਬਾੜੀ ਵਿਸਥਾਰ ਅਫ਼ਸਰ ਬਨ੍ਹਵਾਰੀ ਲਾਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਮੀਟਿੰਗ ਵਿਖੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਕਿਸਾਨਾਂ ਨੂੰ ਨਵੀਂ ਟੈਕਨੋਲਜੀ ਬਾਰੇ ਵੱਖ-ਵੱਖ ਧੰਦਿਆਂ ਨੂੰ ਕਰਨ ਵਿਚ ਆ ਰਹੀ ਦਿੱਕਤ ਬਾਰੇ ਵਿਚਾਰਿਆ ਗਿਆ | ਉਨ੍ਹਾਂ ਕਿਹਾ ਸਰਕਾਰ ਵਲੋਂ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਖਾਦਾਂ ਖ਼ਾਸ ਕਰਕੇ ਨੈਨੋ ਖਾਦਾਂ ਜਿਨ੍ਹਾਂ ਨੂੰ ਪੀ.ਏ.ਯੂ. ਦੇ ਸਾਇੰਸਦਾਨਾਂ ਵੱਲੋਂ ਲਾਭਕਾਰੀ ਨਹੀਂ ਮੰਨਿਆ ਜਾਂਦਾ, ਜਬਰੀ ਵੰਡਣ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਮੰਗ ਕੀਤੀ ਕਿ ਇਹ ਖਾਦਾਂ ਕਿਸਾਨਾਂ ਨੂੰ ਨਾ ਦਿੱਤੀਆਂ ਜਾਣ ਅਤੇ ਇਨ੍ਹਾਂ 'ਤੇ ਪਾਬੰਦੀ ਲਗਾਈ ਜਾਵੇ | ਹਰਤਰਨ ਪਾਲ ਵੱਲੋਂ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਣਾਉਣ ਦੇ ਪ੍ਰੇਰਿਤ ਕੀਤਾ ਗਿਆ ਅਤੇ ਖਾਦਾਂ ਦੀ ਸਹੀ ਵਰਤੋਂ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਹਰਤਰਨ ਪਾਲ ਸਿੰਘ ਇਸ ਇਲਾਕੇ ਵਿਚ 1999 ਤੋਂ ਲੈ ਕੇ 2014 ਤੱਕ ਖੇਤੀਬਾੜੀ ਅਫ਼ਸਰ ਵਜੋਂ ਸੇਵਾਵਾਂ ਦੇ ਚੁੱਕੇ ਹਨ | ਇਸ ਸਮੇਂ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਕਿਸਾਨਾਂ ਵਿਚ ਕੰਸਰਾਜ ਸਿੰਘ, ਨਰਿੰਦਰ ਸਿੰਘ ਕਾਲਾ, ਵਿਜੇ ਕੁਮਾਰ, ਰਜਿੰਦਰ ਸ਼ਰਮਾ, ਰਵਿੰਦਰ ਸਿੰਘ, ਦਵਿੰਦਰ ਸਿੰਘ, ਸ਼ਮਸ਼ੇਰ ਸਿੰਘ ਤੇ ਹੋਰ ਬਹੁਤ ਸਾਰੇ ਕਿਸਾਨ ਆਗੂ ਹਾਜ਼ਰ ਸਨ |