ਟਾਂਡਾ ਉੜਮੁੜ, 12 ਅਪ੍ਰੈਲ (ਦੀਪਕ ਬਹਿਲ)-ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਅੰਦਰ ਵਿਸ਼ੇਸ਼ ਯੋਗਦਾਨ ਪਾਉਣ ਮਗਰੋਂ ਸੰਤ ਬਾਬਾ ਗੁਰਦਿਆਲ ਸਿੰਘ ਨੇ ਬੱਚਿਆਂ ਨੂੰ ਗੁਰਮਤਿ ਸੰਗੀਤ ਸਿੱਖਿਆ ਦੇਣ ਦੇ ਮੰਤਵ ਨਾਲ ਸੰਤ ਬਾਬਾ ਬਲਵੰਤ ਸਿੰਘ ਗੁਰਮਿਤ ਸੰਗੀਤ ਅਕੈਡਮੀ ਖਾਲਸੇ ਦੇ ਜਨਮ ਦਿਹਾੜੇ ਮੌਕੇ ਸੰਗਤ ਨੂੰ ਸਮਰਪਿਤ ਕੀਤੀ ਜਾਵੇਗੀ, ਜਿਸ ਦਾ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਰਨਗੇ | ਇਸ ਅਕੈਡਮੀ ਦੇ ਉਦਘਾਟਨ ਸਬੰਧੀ ਜਾਣਕਾਰੀ ਦਿੰਦੇ ਹੋਏ ਜਥੇਦਾਰ ਹਰਮੇਲ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਸਤਾਦ ਹੀਰਾ ਸਿੰਘ ਖਾਲਸਾ ਵਲੋਂ ਇਸ ਅਕੈਡਮੀ ਵਿਚ ਤੰਤੀ ਸਾਜਾਂ ਤੋਂ ਇਲਾਵਾ ਗੁਰਮਤਿ ਸੰਗੀਤ ਦੌਰਾਨ ਵਰਤੇ ਜਾਣ ਵਾਲੇ ਸਾਜਾਂ ਦੀ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾਵੇਗੀ ਤਾਂ ਜੋ ਬਚਪਨ ਤੋਂ ਹੀ ਇਹ ਬੱਚੇ ਸਿੱਖੀ ਤੇ ਸਾਜਾਂ ਪ੍ਰਤੀ ਪਰਪੱਕ ਹੋ ਸਕਣ | ਜਥੇਦਾਰ ਹਰਮੇਲ ਪ੍ਰਕਾਸ਼ ਸਿੰਘ ਨੇ ਅੱਗੇ ਹੋਰ ਦੱਸਿਆ ਕਿ ਸੰਤ ਬਾਬਾ ਗੁਰਦਿਆਲ ਸਿੰਘ ਹੁਰਾਂ ਦੀ ਸਰਪ੍ਰਸਤੀ ਹੇਠ ਇਸ ਫਰੀ ਅਕੈਡਮੀ ਦਾ ਉਦਘਾਟਨ ਪ੍ਰਧਾਨ ਹਰਜਿੰਦਰ ਸਿੰਘ ਧਾਮੀ 13 ਅਪ੍ਰੈਲ ਨੂੰ 12 ਵਜੇ ਕਰਨਗੇ | ਇਸ ਮੌਕੇ ਸੰਤ ਸਮਾਜ ਦੇ ਆਗੂਆਂ ਤੋਂ ਇਲਾਵਾ ਸੰਤ ਮਹਾਂਪੁਰਸ਼ ਹਾਜ਼ਰ ਰਹਿਣਗੇ | ਸਮਾਗਮ ਦੌਰਾਨ ਬੱਚਿਆਂ ਵਲੋਂ ਗੁਰਮਤਿ ਸੰਗੀਤ ਦੀ ਪੇਸ਼ਕਾਰੀ ਵੀ ਕੀਤੀ ਜਾਵੇਗੀ |