ਸ਼ਾਮਚੁਰਾਸੀ, 19 ਅਪ੍ਰੈਲ (ਗੁਰਮੀਤ ਸਿੰਘ ਖ਼ਾਨਪੁਰੀ)- ਬਾਬਾ ਜਵਾਹਰ ਦਾਸ ਨੂੰ ਸਮਰਪਿਤ 'ਸੂਸਾਂ ਦਾ ਮੇਲਾ' ਇਸ ਵਾਰ 13, 14 ਅਤੇ 15 ਮਈ ਨੂੰ ਕਰਵਾਇਆ ਜਾ ਰਿਹਾ ਹੈ | ਜਿਸ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕੀਤੀ ਗਈ | ਡੇਰਾ ਬਾਬਾ ਜਵਾਹਰ ਦਾਸ ਚੈਰੀਟੇਬਲ ਟਰੱਸਟ ਪਿੰਡ ਸੂਸਾਂ ਜ਼ਿਲ੍ਹਾ ਹੁਸ਼ਿਆਰਪੁਰ (ਬ੍ਰਾਂਚ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ) ਵੱਲੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਮੁਖੀ ਦਮਦਮੀ ਟਕਸਾਲ ਦੀ ਦੇਖ-ਰੇਖ ਹੇਠ 13 ਮਈ ਤੋਂ 15 ਮਈ ਤੱਕ ਕਰਵਾਏ ਜਾ ਰਹੇ ਇਸ ਵਿਸ਼ਾਲ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਜਥੇਦਾਰ ਸੇਠ ਹਰਭਜਨ ਸਿੰਘ ਅਤੇ ਮੈਨੇਜਰ ਗੁਰਦਰਸ਼ਨ ਸਿੰਘ ਧਾਮੀ ਨੇ ਦੱਸਿਆ ਕਿ ਡੇਰਾ ਬਾਬਾ ਜਵਾਹਰ ਦਾਸ ਸੂਸਾਂ ਵਿਖੇ 13 ਅਤੇ 14 ਮਈ ਨੂੰ ਸ਼ਾਮ ਨੂੰ ਦੀਵਾਨ ਸਜਾਏ ਜਾਣਗੇ | ਮੇਲੇ ਦੇ ਅੰਤਿਮ ਦਿਨ 15 ਮਈ ਨੂੰ ਸਵੇਰੇ 9.30 ਵਜੇ ਤੋਂ ਦੇਰ ਰਾਤ ਤੱਕ ਵਿਸ਼ੇਸ਼ ਕਥਾ ਕੀਰਤਨ ਅਤੇ ਸੰਤ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿਚ ਪੰਥ ਦੇ ਮਹਾਨ ਰਾਗੀ, ਢਾਡੀ, ਕਵੀਸ਼ਰ, ਪ੍ਰਚਾਰਕ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ | ਇਨ੍ਹਾਂ ਤੋਂ ਇਲਾਵਾ ਵਿਸ਼ੇਸ਼ ਤੌਰ 'ਤੇ ਅਕਾਲ ਤਖ਼ਤਾਂ ਦੇ ਜਥੇਦਾਰ ਅਤੇ ਸੰਤ ਸਮਾਗਮ ਦੌਰਾਨ ਸੰਪਰਦਾਇ ਦੇ ਮੁਖੀ ਸਾਹਿਬਾਨ ਵੀ ਸ਼ਾਮਿਲ ਹੋਣਗੇ | ਇਸ ਦਰਮਿਆਨ 15 ਮਈ ਨੂੰ ਨਿਸ਼ਾਨ ਸਾਹਿਬ ਦੇ ਚੋਲ੍ਹੇ ਦੀ ਸੇਵਾ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਕੀਤੀ ਜਾਵੇਗੀ |