ਬੀਣੇਵਾਲ, 21 ਅਪ੍ਰੈਲ (ਬੈਜ ਚੌਧਰੀ)-ਲਗਾਤਾਰ ਲੱਗ ਰਹੇ ਬਿਜਲੀ ਦੇ ਲੰਮੇ ਕੱਟਾਂ ਤੋਂ ਪ੍ਰੇਸ਼ਾਨ ਬੀਤ ਇਲਾਕੇ ਦੇ ਲੋਕਾਂ ਨੇ ਅਜੈਬ ਸਿੰਘ ਬੋਪਾਰਾਏ ਜਨਰਲ ਸਕੱਤਰ ਇੰਚਾਰਜ ਜੱਟ ਮਹਾਂ ਸਭਾ ਪੰਜਾਬ ਦੀ ਅਗਵਾਈ ਵਿਚ ਬਿਜਲੀ ਘਰ ਬੀਣੇਵਾਲ ਦੇ ਦਫ਼ਤਰ ਅੱਗੇ ਕਰੀਬ ਤਿੰਨ ਘੰਟੇ ਰੋਸ ਧਰਨਾ ਦਿੱਤਾ ਤੇ ਮੁੱਖ ਮੰਤਰੀ ਦਾ ਪੁਤਲਾ ਵੀ ਫੂਕਿਆ ਤੇ ਅਖੀਰ ਵਿਚ ਐਕਸੀਅਨ ਪਾਵਰਕਾਮ ਗੜ੍ਹਸ਼ੰਕਰ ਨੂੰ ਮੰਗ ਪੱਤਰ ਵੀ ਦਿੱਤਾ, ਜਿਸ 'ਤੇ ਐਕਸੀਅਨ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਲੋਕਾਂ ਦੀ ਮੰਗ ਵਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ | ਇਸ ਮੌਕੇ ਅਜੈਬ ਸਿੰਘ ਬੋਪਾਰਾਏ ਨੇ ਦੱਸਿਆ ਕਿ ਸਾਲ 2004 'ਚ ਬੀਤ ਇਲਾਕੇ ਦੇ ਲੋਕਾਂ ਵਲੋਂ ਕੀਤੇ ਸੰਘਰਸ਼ ਸਦਕਾ ਮੁੱਖ ਇੰਜੀਨੀਅਰ ਪਾਵਰਕਾਮ ਵਲੋਂ ਧਰਨੇ ਵਿਚ ਪਹੁੰਚ ਕੇ ਬੀਤ ਇਲਾਕੇ ਵਿਚ 24 ਘੰਟੇ ਬਿਜਲੀ ਸਪਲਾਈ ਦਾ ਐਲਾਨ ਕੀਤਾ ਤੇ ਉਸ ਵਕਤ ਤੋਂ ਇਲਾਕੇ ਵਿਚ ਸਪਲਾਈ ਤਸੱਲੀ ਬਖ਼ਸ਼ ਚੱਲ ਰਹੀ ਸੀ, ਪਰ ਪਿਛਲੇ ਕੁੱਝ ਦਿਨਾਂ ਤੋਂ 10 ਤੋਂ 12 ਘੰਟੇ ਦੇ ਲੰਬੇ ਲੰਬੇ ਕੱਟ ਲੱਗ ਰਹੇ ਸਨ, ਜਿਸ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਸੀ | ਕਰੀਬ ਤਿੰਨ ਘੰਟੇ ਚਲੇ ਧਰਨੇ ਤੋਂ ਬਾਅਦ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ ਤੇ ਮੰਗ ਪੱਤਰ ਵੀ ਦਿੱਤਾ | ਧਰਨੇ ਨੂੰ ਮਾ. ਪਵਨ ਸ਼ਰਮਾ, ਪਰਮਜੀਤ ਸਰਪੰਚ ਗੜ੍ਹੀ ਮਾਨਸੋਵਾਲ, ਜਗਦੇਵ ਸਿੰਘ ਮਾਨਸੋਵਾਲ, ਬਿੰਦੂ ਭੂੰਬਲਾ, ਮੋਹਨ ਲਾਲ ਸੰਮਤੀ ਮੈਂਬਰ, ਕਮਲ ਕਟਾਰੀਆ ਸੰਮਤੀ ਮੈਂਬਰ, ਕਮਲਜੀਤ ਬਿੱਟੂ, ਸੁਰੇਸ਼ ਜਿੰਦਲ, ਸੋਨੂੰ ਟਿੱਬੀਆਂ, ਸੁਸ਼ਿੰਦਰ ਰਾਣਾ ਮਜਾਰੀ, ਸੰਜੀਵ ਕੁਮਾਰ ਸਾਬਕਾ ਸਰਪੰਚ, ਗ਼ਰੀਬ ਦਾਸ ਬੀਟਨ, ਰਮੇਸ਼ ਧੀਮਾਨ, ਰੋਸ਼ਨ ਕਸਾਣਾ, ਦੀਪੂ ਬੀਣੇਵਾਲ, ਤੀਰਥ ਰਾਮ ਬੀਟਣ ਨੇ ਸੰਬੋਧਨ ਕੀਤਾ | ਧਰਨੇ ਵਿਚ ਵੱਡੀ ਗਿਣਤੀ 'ਚ ਲੋਕ ਹਾਜ਼ਰ ਸਨ |