ਗੜ੍ਹਦੀਵਾਲਾ, 22 ਅਪ੍ਰੈਲ (ਚੱਗਰ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਹਰਗੋਬਿੰਦ ਕੌਰ ਜਥੇਬੰਦੀ ਦੀ ਬਲਾਕ ਪ੍ਰਧਾਨ ਸੁਖਵਰਸਾ ਦੇਵੀ ਦੀ ਅਗਵਾਈ ਹੇਠ ਡਰੱਗ ਸਰਵੇ ਤੇ ਜਨਗਣਨਾ ਸਰਵੇ ਵਿਚ ਡਿਊਟੀਆਂ ਲਗਾਉਣ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿਚ ਸਤਵੰਤ ਕੌਰ ਭੋਗਪੁਰ ਸੂਬਾ ਜਨਰਲ ਸਕੱਤਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਕੋਲੋਂ ਧੱਕੇ ਨਾਲ ਡਰੱਗ ਸਰਵੇ ਅਤੇ ਆਰਥਿਕ ਗਣਨਾ ਦਾ ਕੰਮ ਕਰਵਾ ਰਹੀ ਹੈ ਜਦਕਿ ਆਂਗਣਵਾੜੀ ਵਰਕਰਾਂ ਕੋਲੋਂ ਆਪਣੇ ਹੀ ਵਿਭਾਗ ਦਾ ਕੰਮ ਬਹੁਤ ਜ਼ਿਆਦਾ ਹੈ ਅਤੇ ਉਹ ਮਾਣਮੱਤੇ 'ਤੇ ਕੰਮ ਕਰਦੀਆਂ ਹਨ | ਇਸ ਰੋਸ ਧਰਨੇ ਉਪਰੰਤ ਬੀ. ਡੀ. ਪੀ. ਓ. ਦਫ਼ਤਰ ਭੂੰਗਾ ਵਿਚ ਇੱਕ ਮੰਗ ਪੱਤਰ ਦਿੱਤਾ ਗਿਆ, ਜਿਸ ਵਿਚ ਮੰਗ ਕੀਤੀ ਗਈ ਕਿ ਆਂਗਣਵਾੜੀ ਵਰਕਰਾਂ-ਹੈਲਪਰਾਂ ਨੂੰ ਜਬਰੀ ਡਿਊਟੀਆਂ ਲਾ ਕੇ ਤੰਗ ਪਰੇਸ਼ਾਨ ਨਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਵਿਚ ਜੋ ਆਂਗਣਵਾੜੀ ਵਰਕਰ ਨੂੰ ਫਾਰਮ ਆਨਲਾਈਨ ਕਰਨ ਨੂੰ ਕਿਹਾ ਗਿਆ ਹੈ ਉਹ ਵੀ ਆਂਗਣਵਾੜੀ ਵਰਕਰ ਨਹੀਂ ਕਰਨਗੀਆਂ ਕਿਉਂਕਿ ਸਾਡੇ ਫ਼ੋਨ ਸਾਨੂੰ ਨਹੀਂ ਦਿੱਤੇ ਗਏ ਜਿਹੜੇ ਕਿ ਪੋਸ਼ਣ ਅਭਿਆਨ ਤਹਿਤ ਖ਼ਰੀਦੇ ਗਏ ਹਨ | ਉਨ੍ਹਾਂ ਕਿਹਾ ਕਿ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰੇ ਨਹੀਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਬਲਵਿੰਦਰ ਕੌਰ ਦਸੂਹਾ, ਸ੍ਰੀਦੇਵੀ, ਕੁਸ਼ਮ ਲਤਾ, ਰਜਿੰਦਰ ਕੌਰ, ਅਨੀਤਾ ਰਾਣੀ, ਬਲਜਿੰਦਰ ਕੌਰ, ਸੁਖਵਿੰਦਰ ਕੌਰ, ਜਸਵੀਰ ਕੌਰ ਸਮੇਤ ਸਮੂਹ ਮੈਂਬਰ ਹਾਜ਼ਰ ਸਨ |