ਪੱਸੀ ਕੰਢੀ, 26 ਅਪ੍ਰੈਲ (ਜਗਤਾਰ ਸਿੰਘ ਰਜਪਾਲਮਾ)-ਸਿਵਲ ਸਰਜਨ ਡਾਕਟਰ ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾਕਟਰ ਜਗਦੀਪ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ ਅਤੇ ਐੱਸ.ਐੱਮ.ਓ. ਡਾਕਟਰ ਰੋਹਿਤ ਬਰੂਟਾ ਪੀ.ਐੱਚ.ਸੀ ਮੰਡ ਭੰਡੇਰ ਦੀ ਅਗਵਾਈ ਹੇਠ ਆਯੂਸ਼ਮਾਨ ਆਰੋਗਿਆ ਕੇਂਦਰ ਮੱਕੋਵਾਲ ਵਿਖੇ 'ਵਿਸ਼ਵ ਮਲੇਰੀਆ ਦਿਵਸ' ਮਨਾਇਆ ਗਿਆ | ਇਸ ਸਮੇਂ ਰਾਜੀਵ ਸ਼ਰਮਾ ਬੀ. ਈ.ਈ ਨੇ ਲੋਕਾਂ ਨੂੰ ਦੱਸਿਆ ਗਿਆ ਕਿ 'ਵਿਸ਼ਵ ਮਲੇਰੀਆ ਦਿਵਸ ' ਹਰ ਸਾਲ 25 ਅਪ੍ਰੈਲ ਨੂੰ ਦੁਨੀਆਂ ਭਰ ਵਿਚ ਮਲੇਰੀਏ ਦੇ ਖ਼ਾਤਮੇ ਅਤੇ ਬਚਾਅ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ | ਇਸ ਸਮੇਂ ਲੋਕਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਮਲੇਰੀਆ ਪੈਰਾਸਾਈਟ ਮਾਦਾ ਐਨਾਫਲੀਜ਼ ਮੱਛਰਾਂ ਰਾਹੀਂ ਫੈਲਦਾ ਹੈ ਅਤੇ ਇਹ ਮੱਛਰ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ ਅਤੇ ਸਵੇਰੇ- ਸ਼ਾਮ ਲੋਕਾਂ ਨੂੰ ਕੱਟਦਾ ਹੈ | ਇਸ ਲਈ ਸਾਨੂੰ ਸਵੇਰੇ- ਸ਼ਾਮ ਅਜਿਹੇ ਕੱਪੜੇ ਪਾਉਣੇ ਚਾਹੀਦੇ ਹਨ ਜਿਸ ਨਾਲ ਸਰੀਰ ਢਕਿਆ ਰਹੇ | ਇਸ ਮੱਛਰ ਵਿਚ ਪਲਾਜ਼ਮੋਡੀਅਮ ਵਾਈਵੈਕਸ ਨਾਮ ਦਾ ਇੱਕ ਪ੍ਰੋਟੋਜੋਆਨ ਹੁੰਦਾ ਹੈ ਜੋ ਇਸ ਬਿਮਾਰੀ ਦਾ ਅਸਲ ਕਾਰਨ ਹੈ | ਲੋਕਾਂ ਨੂੰ ਦੱਸਿਆ ਕਿ ਮਲੇਰੀਆ ਆਮ ਤੌਰ ਤੇ ਮੀਂਹ ਦੇ ਮੌਸਮ ਅਤੇ ਜ਼ਿਆਦਾ ਗਰਮੀ ਵਿਚ ਹੁੰਦਾ ਹੈ ਅਤੇ ਘਰਾਂ ਵਿਚ ਲੱਗੇ ਜਾਲੀਦਾਰ ਦਰਵਾਜ਼ਿਆਂ ਅਤੇ ਖਿੜਕੀਆਂ ਨੂੰ ਬੰਦ ਰੱਖਣਾ ਚਾਹੀਦਾ ਹੈ ਅਤੇ ਮੱਛਰਾਂ ਤੋਂ ਬਚਣ ਲਈ ਸਾਨੂੰ ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਵਰਤੋਂ ਕਰਨੀ ਚਾਹੀਦੀ ਹੈ | ਮਲੇਰੀਆ ਬੁਖ਼ਾਰ ਦੇ ਲੱਛਣ ਬਚਾਅ ਅਤੇ ਇਲਾਜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੱਛਰ ਦੇ ਕੱਟਣ ਨਾਲ ਕਾਂਬੇ ਨਾਲ ਤੇਜ਼ ਬੁਖ਼ਾਰ ਚੜ੍ਹਨਾ, ਸਿਰ ਦਰਦ ਹੋਣਾ, ਉਲਟੀਆਂ ਆਉਣੀਆਂ ਅਤੇ ਬੁਖ਼ਾਰ ਉੱਤਰਨ ਤੋਂ ਬਾਅਦ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ ਅਤੇ ਤੁਰੰਤ ਇਸ ਦਾ ਸਰਕਾਰੀ ਹਸਪਤਾਲ ਵਿਚ ਇਲਾਜ ਕਰਾਉਣਾ ਚਾਹੀਦਾ ਹੈ ਜੋ ਕਿ ਬਿਲਕੁਲ ਮੁਫ਼ਤ ਹੈ | ਤੰਦਰੁਸਤ ਸਿਹਤ ਲਈ ਮਲੇਰੀਏ ਦਾ ਖ਼ਾਤਮਾ ਕਰਨਾ ਬਹੁਤ ਜ਼ਰੂਰੀ ਹੈ | ਇਸ ਸਮੇਂ ਰਾਜੀਵ ਕੁਮਾਰ ਬੀ.ਈ.ਈ, ਸਿਹਤ ਕਰਮਚਾਰੀ ਰਾਜੀਵ ਰੋਮੀ, ਸੀ.ਐਚ.ਓ ਹਰਕੀਰਤ ਸਿੰਘ, ਕਮਲੇਸ਼ ਦੇਵੀ ਏ.ਐਨ.ਐਮ, ਨੀਸ਼ਾ ਦੇਵੀ ਪੰਚ, ਸੁਨੀਤਾ ਦੇਵੀ, ਬਲਵਿੰਦਰ ਕੌਰ, ਕਿ੍ਸ਼ਨਾ ਦੇਵੀ, ਅਨੀਤਾ ਦੇਵੀ, ਰੀਨਾ ਕੁਮਾਰੀ, ਸੁਭਾਸ਼ ਰਾਣੀ ਆਸ਼ਾ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ |