ਅੱਡਾ ਸਰਾਂ , 26 ਅਪ੍ਰੈਲ (ਮਸੀਤੀ): ਵਿਕਟੋਰੀਆ ਇੰਟਰਨੈਸ਼ਨਲ ਸਕੂਲ ਵਿਖੇ ਸਕੂਲ ਦੇ ਡਾਇਰੈਕਟਰ ਪ੍ਰੋ. ਜੀ. ਐੱਸ . ਮੁਲਤਾਨੀ, ਨੀਰੂ ਮੁਲਤਾਨੀ ਅਤੇ ਪਿ੍ੰਸੀਪਲ ਪੂਜਾ ਪਟਿਆਲ ਦੇ ਦਿਸ਼ਾ-ਨਿਰਦੇਸ਼ਾਂ ਹੇਠ 1 ਤੋਂ 8 ਜਮਾਤ ਤੱਕ ਦੇ ਵਿਦਿਆਰਥੀਆਂ ਦੇ ਮਾਪਿਆਂ ਲਈ ਅਧਿਆਪਕ-ਮਾਪੇ ਮਿਲਣੀ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਕੂਲ ਅਤੇ ਮਾਪਿਆਂ ਵਿਚਕਾਰ ਵਧੀਆ ਤਾਲਮੇਲ ਬਣਾਉਣਾ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਮਾਰਗ ਦਰਸ਼ਨ ਪ੍ਰਦਾਨ ਕਰਨਾ ਸੀ | ਇਸ ਮੌਕੇ ਮੁੱਖ ਸਰੋਤ ਵਿਅਕਤੀ ਵਜੋਂ ਪਹੁੰਚੇ ਸੁਰਿੰਦਰ ਸਿੰਘ ਨੇ ਚੰਗੇ ਮਾਪੇਪਣ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਕਾਰਾਤਮਿਕ ਸੋਚ, ਠੀਕ ਮਾਰਗ ਦਰਸ਼ਨ, ਧੀਰਜ ਅਤੇ ਪਿਆਰ ਭਰਿਆ ਮਾਹੌਲ ਬਹੁਤ ਜ਼ਰੂਰੀ ਹੈ | ਸਕੂਲ ਦੀ ਪਿ੍ੰਸੀਪਲ ਪੂਜਾ ਪਟਿਆਲ ਨੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਸਕੂਲ ਦੀਆਂ ਅਕਾਦਮਿਕ ਨੀਤੀਆਂ, ਸਿਖਲਾਈ ਦੇ ਢੰਗ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਸਕੂਲ ਅਤੇ ਮਾਪਿਆਂ ਦੇ ਸਹਿਯੋਗ ਨੂੰ ਬਹੁਤ ਮਹੱਤਵਪੂਰਨ ਦੱਸਿਆ | ਪ੍ਰੋਗਰਾਮ ਦਾ ਸੰਚਾਲਨ ਕੋਆਰਡੀਨੇਟਰ ਵਨੀਤਾ ਬਲੌਰੀਆ ਅਤੇ ਸੁਜਾਤਾ ਛਾਬੜਾ ਵੱਲੋਂ ਕੀਤਾ ਗਿਆ | ਇਹ ਸੈਸ਼ਨ ਬਹੁਤ ਹੀ ਇੰਟਰ ਐਕਟਿਵ ਰਿਹਾ, ਜਿਸ ਵਿਚ ਮਾਪਿਆਂ ਨੇ ਸਰਗਰਮੀ ਨਾਲ ਭਾਗ ਲੈਂਦੇ ਹੋਏ ਆਪਣੇ ਵਿਚਾਰ ਅਤੇ ਸਵਾਲ ਸਾਂਝੇ ਕੀਤੇ | ਇਸ ਮੌਕੇ ਅਮਨੀਤ ਸੈਣੀ ਆਦਿ ਸਮੇਤ ਵਿਦਿਆਰਥੀ ਤੇ ਮਾਪੇ ਹਾਜ਼ਰ ਸਨ |