ਹਾਜੀਪੁਰ, 27 ਅਪ੍ਰੈਲ (ਪੁਨੀਤ ਭਾਰਦਵਾਜ)-ਕਾਂਗਰਸ ਪਾਰਟੀ ਦੇ ਐੱਸ. ਸੀ. ਵਿਭਾਗ ਵਲੋਂ ਇਕ ਭਰਮੀ ਮੀਟਿੰਗ ਹੋਈ, ਜਿਸ ਵਿਚ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ | ਮੀਟਿੰਗ ਦਾ ਮੁੱਖ ਉਦੇਸ਼ ਐੱਸ.ਸੀ ਭਾਈਚਾਰੇ ਨਾਲ ਜੁੜੀਆਂ ਸਮੱਸਿਆਵਾਂ, ਚੁਨੌਤੀਆਂ ਅਤੇ ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਸੰਗਠਨਾਤਮਿਕ ਮਜ਼ਬੂਤੀ 'ਤੇ ਵਿਚਾਰ-ਵਟਾਂਦਰਾ ਕਰਨਾ ਸੀ | ਮੀਟਿੰਗ ਵਿਚ ਕਾਂਗਰਸ ਐੱਸ. ਸੀ. ਵਿਭਾਗ ਦੇ ਜ਼ਿਲ੍ਹਾ ਹੁਸ਼ਿਆਰਪੁਰ ਚੇਅਰਮੈਨ ਗੁਰਦੀਪ ਕਟੋਚ ਅਤੇ ਕਾਂਗਰਸ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਢਾਡੇਕਟਵਾਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਐੱਸ. ਸੀ. ਭਾਈਚਾਰੇ ਨੂੰ ਦਰਪੇਸ਼ ਮੁੱਖ ਮੁੱਦਿਆਂ ਉਤੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਮੌਜੂਦਾ ਹਾਲਾਤਾਂ ਵਿਚ ਜਾਗਰੂਕ ਰਹਿਣ ਦੀ ਲੋੜ 'ਤੇ ਜ਼ੋਰ ਦਿੱਤਾ | ਮੀਟਿੰਗ ਦੇ ਅੰਤ ਵਿਚ ਵਿਜੇ ਕੁਮਾਰ ਥਾਪਰ ਨੂੰ ਬਲਾਕ ਹਾਜੀਪੁਰ ਤੋਂ ਕਾਂਗਰਸ ਐੱਸ. ਸੀ. ਵਿਭਾਗ ਦਾ ਬਲਾਕ ਚੇਅਰਮੈਨ ਨਿਯੁਕਤ ਕੀਤਾ ਗਿਆ | ਇਸ ਮੌਕੇ ਗੁਰਦੀਪ ਕਟੋਚ ਅਤੇ ਅਮਰਜੀਤ ਸਿੰਘ ਢਾਡੇਕਟਵਾਲ ਨੇ ਸਾਂਝੇ ਤੌਰ 'ਤੇ ਵਿਜੇ ਥਾਪਰ ਨੂੰ ਨਿਯੁਕਤੀ ਪੱਤਰ ਸੌਂਪਿਆ | ਇਸ ਮੌਕੇ ਨਵੇਂ ਬਣੇ ਐੱਸ.ਸੀ. ਵਿਭਾਗ ਬਲਾਕ ਚੇਅਰਮੈਨ ਵਿਜੇ ਥਾਪਰ ਨੇ ਦਿ੍ੜ੍ਹ ਵਿਸ਼ਵਾਸ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ, ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਇਆ ਜਾਵੇਗਾ | ਉਨ੍ਹਾਂ ਭਰੋਸਾ ਦਿਵਾਇਆ ਕਿ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਸੰਗਠਨ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਲਈ ਤੁਰੰਤ ਤੇ ਪ੍ਰਭਾਵਸ਼ਾਲੀ ਯਤਨ ਆਰੰਭ ਕੀਤੇ ਜਾਣਗੇ | ਇਸ ਮੌਕੇ ਗੁਰਦਾਸ ਰਾਮ ਕੁੱਲੀਆਂ ਲੁਬਾਣਾ, ਯੂਥ ਕਾਂਗਰਸ ਦੇ ਸੂਬਾ ਜਰਨਲ ਸਕੱਤਰ ਪਰਮਵੀਰ ਸਿੰਘ ਢਾਡੇਕਟਵਾਲ, ਬਾਲਾ ਦਾਤਾਰਪੁਰ, ਦੇਸ ਰਾਜ ਕਰਾੜੀ, ਦੀਪਕ ਭਗਤ, ਚਮਨ ਲਾਲ, ਯਾਕੂਬ ਮਸੀਹ, ਨੰਨੂ ਥਾਪਰ, ਸੰਨ੍ਹੀ ਭੱਟੀ, ਸੰਜੇ ਭੱਟੀ, ਪਿ੍ੰਸ ਹਾਜੀਪੁਰ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |