ਮੁਕੇਰੀਆਂ, 27 ਅਪ੍ਰੈਲ (ਰਾਮਗੜ੍ਹੀਆ)-ਪੰਜਾਬ ਦਾ ਸਭ ਤੋਂ ਸਸਤਾ ਅਤੇ ਵਧੀਆ ਮੁਕੇਰੀਆਂ ਹਾਈਡਲ ਪਣ ਬਿਜਲੀ ਪ੍ਰਾਜੈਕਟ ਜਿਸ ਤੋਂ ਰੋਜ਼ਾਨਾ 225 ਕਿੱਲੋਵਾਟ ਬਿਜਲੀ ਪੈਦਾ ਹੋ ਰਹੀ ਹੈ, ਦੀ ਹੋਂਦ ਨੂੰ ਤਲਵਾੜਾ ਤੋਂ ਲੈ ਕੇ ਝੀਰ ਦਾ ਖੂਹ ਤੱਕ ਕਰੈਸ਼ਰਾਂ ਦੀ ਨਾਜਾਇਜ਼ ਮਾਈਨਿੰਗ, ਨਹਿਰ ਦੀ ਪਟੜੀ ਅਤੇ ਪੁਲਾਂ ਤੋਂ ਹੈਵੀ ਟਰਾਲੇ ਟਪਾਉਣ ਕਾਰਨ ਖ਼ਤਰਾ ਪੈਦਾ ਹੋ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮੁਕੇਰੀਆਂ ਹਾਈਡਲ ਪ੍ਰਾਜੈਕਟ ਜੋ ਪੌਂਗ ਡੈਮ ਤਲਵਾੜਾ ਤੋਂ ਸ਼ੁਰੂ ਹੋ ਕੇ ਕਰੀਬ 35 ਕਿੱਲੋਮੀਟਰ ਦਾ ਰਸਤਾ ਤੈਅ ਕਰਕੇ ਇਸ ਦਾ ਪਾਣੀ ਉੱਚੀ ਬੱਸੀ ਤੋਂ ਅੱਗੇ ਟੇਲ ਟੇਰਕਿਆਣਾ ਵਿਖੇ ਬਿਆਸ ਦਰਿਆ ਵਿਚ ਪੈਂਦਾ ਹੈ ਅਤੇ ਇਸ ਉੱਤੇ ਲੱਗੇ 5 ਪਾਵਰ ਹਾਊਸ ਸਰਕਾਰ ਨੂੰ ਰੋਜ਼ਾਨਾ ਲੱਖਾਂ ਰੁਪਏ ਦੀ ਬਿਜਲੀ ਪੈਦਾ ਕਰਕੇ ਦੇ ਰਹੇ ਹਨ, ਪਰ ਇਸ ਹਾਈਡਲ ਨਹਿਰ ਦੇ ਕੁੱਝ ਉੱਚ ਅਧਿਕਾਰੀਆਂ ਦੀ ਕਥਿਤ ਕਰੈਸ਼ਰਾਂ ਵਾਲਿਆਂ ਨਾਲ ਮਿਲੀਭੁਗਤ ਕਾਰਨ ਲੋਡਰ ਹੈਵੀ ਟਰਾਲਿਆਂ, ਗੱਡੀਆਂ ਦੇ ਲੰਘਣ 'ਤੇ ਪਾਬੰਦੀ ਹੋਣ ਦੇ ਬਾਵਜੂਦ ਵੀ ਸ਼ਰੇਆਮ ਲੰਘਣ ਦਿੱਤਾ ਜਾ ਰਿਹਾ ਹੈ | ਇੱਥੇ ਜ਼ਿਕਰਯੋਗ ਹੈ ਕਿ ਇਸ ਪੁਲ ਨੂੰ ਬਿਜਲੀ ਬੋਰਡ ਵਲੋਂ ਆਪਣੀਆਂ ਗੱਡੀਆਂ ਅਤੇ ਛੋਟੇ ਵੱਡੇ ਕਿਸਾਨਾਂ ਦੀਆਂ ਟਰਾਲੀਆਂ ਟਰੈਕਟਰ ਲੰਘਾਉਣ ਵਾਸਤੇ ਕਰੀਬ 40 ਸਾਲ ਤੋਂ ਪਹਿਲਾਂ ਬਣਾਇਆ ਗਿਆ ਸੀ ਜੋ ਏਨੀ ਮਿਆਦ ਪੁਗਾਉਣ ਕਾਰਨ ਪਹਿਲਾਂ ਹੀ ਖਸਤਾ ਹਾਲਤ ਵਿਚ ਹੋ ਚੁੱਕਾ ਹੈ, ਪਰ ਫਿਰ ਵੀ ਹੈਵੀ ਟਰਾਲੇ ਲੰਘਾਉਣ ਦੀ ਇਜਾਜ਼ਤ ਹਾਈਡਲ ਨਹਿਰ ਦੇ ਅਧਿਕਾਰੀਆਂ ਵਲੋਂ ਇਸ ਪੁਲ ਦੇ ਪਾਰ ਚੱਲਦੇ ਨਾਜਾਇਜ਼ ਇਕ ਦਰਜਨ ਦੇ ਕਰੀਬ ਕਰੈਸ਼ਰਾਂ ਨੂੰ ਲਾਂਘਾ ਦੇ ਦੇਣਾ ਅਧਿਕਾਰੀਆਂ ਵੱਲ ਭਿ੍ਸ਼ਟਾਚਾਰ ਦੀ ਉਂਗਲੀ ਉਠਾ ਰਿਹਾ ਹੈ | ਇਸ ਸਬੰਧੀ ਪਿਛਲੇ ਕਰੀਬ 6 ਮਹੀਨਿਆਂ ਤੋਂ ਇਲਾਕੇ ਦੇ ਲੋਕਾਂ ਦੇ ਮਸੀਹਾ ਗੁਰੂ ਨਾਨਕ ਸੇਵਾ ਸੁਸਾਇਟੀ ਦੇ ਪ੍ਰਧਾਨ ਜਥੇਦਾਰ ਕਿਰਪਾਲ ਸਿੰਘ ਗੇਰਾ ਲਗਾਤਾਰ ਸੰਘਰਸ਼ ਕਰ ਰਹੇ ਹਨ ਅਤੇ ਹਾਈਡਲ ਨਹਿਰ ਦੇ ਐਕਸੀਅਨ, ਐੱਸ. ਡੀ. ਓ., ਐੱਸ. ਸੀ. ਅਤੇ ਚੀਫ਼ ਦੇ ਧਿਆਨ ਵਿਚ ਮਾਮਲਾ ਲਿਆਉਣ ਦੇ ਬਾਵਜੂਦ ਵੀ ਕੋਈ ਇਨ੍ਹਾਂ ਕਰੈਸ਼ਰਾਂ ਦੀਆਂ ਲੰਘ ਰਹੀਆਂ ਗੱਡੀਆਂ ਨੂੰ ਰੋਕਣ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਇਸ ਸਬੰਧੀ ਅੱਜ ਉਪ ਦਫ਼ਤਰ ਮੁਕੇਰੀਆਂ ਵਿਖੇ ਜਥੇਦਾਰ ਕਿਰਪਾਲ ਸਿੰਘ ਗੇਰਾ ਨੇ ਪੰਜਾਬ ਸਰਕਾਰ ਅਤੇ ਹਾਈਡਲ ਨਹਿਰ ਦੇ ਅਧਿਕਾਰੀਆਂ ਉੱਪਰ ਭਿ੍ਸ਼ਟਾਚਾਰ ਦੇ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦਾ ਮਾਈਨਿੰਗ ਬੰਦ ਕਰਨ ਸਬੰਧੀ ਹਲਕਾ ਮੁਕੇਰੀਆਂ ਵਿਚ ਝੂਠ ਦਾ ਪੁਲੰਦਾ ਸਾਬਤ ਹੋਇਆ ਹੈ ਅਤੇ ਖ਼ੁਦ ਪੰਜਾਬ ਸਰਕਾਰ ਦੇ ਅਧਿਕਾਰੀ ਇਸ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਨੂੰ ਹਲਾਸ਼ੇਰੀ ਦੇ ਕੇ ਖ਼ੁਦ ਮਾਈਨਿੰਗ ਜਿੱਥੇ ਕਰਵਾ ਰਹੇ ਹਨ ਉੱਥੇ ਹੀ ਇਨ੍ਹਾਂ ਕਰੈਸ਼ਰਾਂ ਤੋਂ ਓਵਰਲੋਡ ਗੱਡੀਆਂ ਨੂੰ ਨਹਿਰ ਦੇ ਪੁਲ ਤੋਂ ਲੰਘਾਉਣ ਦੀ ਇਜਾਜ਼ਤ ਦੇ ਰਹੇ ਹਨ | ਉਨ੍ਹਾਂ ਦੱਸਿਆ ਕਿ ਮੁਕੇਰੀਆਂ ਹਾਈਡਲ ਦੀ ਆਰ.ਡੀ. ਨੰਬਰ 8880 ਉੱਤੇ ਵਿਭਾਗ ਵਲੋਂ ਨਹਿਰ ਦੀ ਰਿਪੇਅਰ, ਪਿੰਡਾਂ ਦੇ ਲੋਕਾਂ ਤੇ ਕਿਸਾਨਾਂ ਦੇ ਆਉਣ ਜਾਣ ਲਈ ਇਕ ਪੁਲ ਬਣਾਇਆ ਸੀ | ਇਸ ਪੁਲ ਤੋਂ ਰੋਜ਼ਾਨਾ ਕਰੀਬ ਇਕ ਹਜ਼ਾਰ ਕਰੈਸ਼ਰਾਂ ਲੈ ਕੇ ਹੈਵੀ ਵਾਹਨ ਗੁਜ਼ਰ ਰਹੇ ਹਨ | ਉਨ੍ਹਾਂ ਕਿਹਾ ਇਸ ਸਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ, ਐੱਸ.ਡੀ.ਐਮ. ਮੁਕੇਰੀਆਂ ਅਤੇ ਮੁੱਖ ਇੰਜੀਨੀਅਰ ਪੀ.ਐੱਸ.ਪੀ.ਸੀ.ਐੱਲ. ਪਟਿਆਲਾ ਨੂੰ ਵੀ ਲਿਖਤੀ ਤੌਰ 'ਤੇ ਸੂਚਨਾ ਦੇ ਦਿੱਤੀ ਗਈ ਹੈ, ਪਰ ਇਕ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋ ਰਹੀ | ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਅਗਵਾਈ ਕਰਦੇ ਹੋਏ ਗੁਰੂ ਨਾਨਕ ਸੇਵਾ ਸੁਸਾਇਟੀ ਵਲੋਂ ਇਹ ਮੁੱਦਾ ਸਰਕਾਰ ਅਤੇ ਅਫ਼ਸਰਾਂ ਦੇ ਧਿਆਨ ਵਿਚ ਲਿਆਉਣ ਦੇ ਬਾਅਦ ਵਿਚ ਕਰੈਸ਼ਰਾਂ ਦੀਆਂ ਗੱਡੀਆਂ ਲੰਘਣੀਆਂ ਤਾਂ ਬੰਦ ਨਹੀਂ ਹੋਈਆਂ ਪਰੰਤੂ ਗੁਰੂ ਨਾਨਕ ਸੇਵਾ ਸੁਸਾਇਟੀ ਦੇ ਸੰਘਰਸ਼ ਨੂੰ ਰੋਕਣ ਲਈ ਕਰੈਸ਼ਰਾਂ ਮਾਲਕਾਂ ਵਲੋਂ ਅੜਿੱਕੇ ਪਾਏ ਜਾ ਰਹੇ ਹਨ | ਉਨ੍ਹਾਂ ਸਪਸ਼ਟ ਕੀਤਾ ਕਿ ਹਾਈਡਲ ਨਹਿਰ ਦਾ ਐੱਸ. ਡੀ. ਓ. ਅਤੇ ਹੋਰ ਅਧਿਕਾਰੀਆਂ ਦੀ ਕਥਿਤ ਰੂਪ ਵਿਚ ਕਰੈਸ਼ਰ ਮਾਲਕਾਂ ਨਾਲ ਸਾਂਠਗਾਂਠ ਹੈ ਜਿਸ ਕਾਰਨ ਕਰੈਸ਼ਰ ਮਾਲਕਾ ਵਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਜ਼ਬਰਦਸਤੀ ਪਾਬੰਦੀ ਸ਼ੁਦਾ ਪੁਲ ਤੋਂ ਗੱਡੀਆਂ ਲੰਘਾ ਕੇ ਹਾਈਡਲ ਨਹਿਰ ਦੀ ਹੋਂਦ ਨੂੰ ਖ਼ਤਰਾ ਪੈਦਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਇਸ ਪੁਲ ਨੂੰ ਕੋਈ ਵੀ ਸਰਕਾਰੀ ਰਸਤਾ ਨਹੀਂ ਲੱਗਦਾ ਪਰ ਮਹਿਕਮੇ ਦੀ ਕਥਿਤ ਰੂਪ ਵਿਚ ਮਿਲੀਭੁਗਤ ਨਾਲ ਨਹਿਰ ਦੀਆਂ ਮਿੱਟੀ ਦੀਆਂ ਉੱਚੀਆਂ ਪਹਾੜੀਆਂ ਨੂੰ ਪਾੜ ਕੇ ਕਰੈਸ਼ਰਾਂ ਵਲੋਂ ਰਸਤਾ ਨਾਜਾਇਜ਼ ਤੌਰ 'ਤੇ ਬਣਾ ਕੇ ਇੱਥੋਂ ਹੈਵੀ ਗੱਡੀਆਂ ਟਪਾਈਆਂ ਜਾ ਰਹੀਆਂ ਹਨ, ਜਿਸ ਕਾਰਨ ਕਿਸੇ ਵੇਲੇ ਵੀ ਇਹ ਪੁਲ ਡਿਗ ਸਕਦਾ ਹੈ ਅਤੇ ਇਸ ਨਹਿਰ ਤੋਂ ਪੈਦਾ ਹੁੰਦੀ 225 ਮੈਗਾਵਾਟ ਦੀ ਬਿਜਲੀ ਸਪਲਾਈ ਠੱਪ ਹੋ ਸਕਦੀ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਹਾਈਡਲ ਨਹਿਰ ਦੇ ਉੱਚ ਅਧਿਕਾਰੀਆਂ ਵਲੋਂ ਕੁੱਝ ਠੋਸ ਕਦਮ ਨਾ ਉਠਾਏ ਗਏ ਤਾਂ ਜਿੱਥੇ ਗੁਰੂ ਸੇਵਾ ਸੁਸਾਇਟੀ ਇਲਾਕੇ ਦੇ ਲੋਕਾਂ ਦੀ ਇਕੱਠ ਕਰਕੇ ਸਰਕਾਰ ਦੇ ਮੰਤਰੀ ਅਤੇ ਵਿਧਾਇਕਾਂ ਦਾ ਘਿਰਾਓ ਕਰੇਗੀ ਉੱਥੇ ਹੀ ਕਰੈਸ਼ਰ ਦੀਆਂ ਗੱਡੀਆਂ ਨੂੰ ਰੋਕਣ ਲਈ ਗੇਟ ਨਾ ਲਗਾਏ ਗਏ ਤਾਂ ਉਹ ਗੁਰੂ ਨਾਨਕ ਸੇਵਾ ਸੁਸਾਇਟੀ ਵਲੋਂ ਲੋਕ ਹਿਤ ਵਜੋਂ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਗੇ ਜਿਸ ਦੀ ਜ਼ਿੰਮੇਵਾਰੀ ਹਾਈਡਲ ਨਹਿਰ ਦੇ ਅਧਿਕਾਰੀਆਂ ਦੀ ਹੋਵੇਗੀ | ਇਸ ਸਬੰਧੀ ਜਦੋਂ ਮੁਕੇਰੀਆਂ ਹਾਈਡਲ ਨਹਿਰ ਦੇ ਸਬੰਧਿਤ ਐੱਸ.ਡੀ.ਓ. ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਪੁਲ ਤੋਂ ਕਰੀਬ 13-14 ਸਾਲਾਂ ਤੋਂ ਕਰੈਸ਼ਰਾਂ ਦੀਆਂ ਗੱਡੀਆਂ ਗੁਜ਼ਰ ਰਹੀਆਂ ਹਨ, ਪਰ ਜਦੋਂ ਹੁਣ ਇਹ ਮੁੱਦਾ ਸਾਹਮਣੇ ਆਇਆ ਹੈ ਤਾਂ ਇਸ ਮਾਮਲਾ ਆਪਣੇ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਚੁੱਕਾ ਹਾਂ ਕਿ ਇਸ ਪੁਲ ਤੋਂ ਆਵਾਜਾਈ ਹੈਵੀ ਗੱਡੀਆਂ ਦੀ ਰੋਕਣ ਲਈ ਇਜਾਜ਼ਤ ਦਿੱਤੀ ਜਾਵੇ ਜਿਨ੍ਹਾਂ ਵਲੋਂ ਮੈਨੂੰ ਕੋਈ ਵੀ ਲਿਖਤੀ ਰੂਪ ਵਿਚ ਇਜਾਜ਼ਤ ਨਾ ਭੇਜਣ ਕਾਰਨ ਮੇਰੇ ਵਲੋਂ ਹੁਣ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਐੱਸ.ਡੀ.ਐੱਮ. ਮੁਕੇਰੀਆਂ ਨੂੰ ਹੈਵੀ ਹਾਈ ਹਾਈਟ ਗੱਡੀਆਂ ਰੋਕਣ ਲਈ ਬੈਰੀਕੇਟ ਗੇਟ ਲਗਾਉਣ ਦੀ ਮਨਜ਼ੂਰੀ ਦਿੱਤੀ ਜਾਵੇ, ਪਰ ਅਜੇ ਤੱਕ ਮੈਨੂੰ ਇਨ੍ਹਾਂ ਉੱਚ ਅਧਿਕਾਰੀਆਂ ਵਲੋਂ ਕੋਈ ਵੀ ਜਵਾਬ ਨਹੀਂ ਆਇਆ, ਜਦੋਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਇਸ ਪੁਲ 'ਤੇ ਗੇਟ ਲਗਾਉਣ ਦੀ ਇਜਾਜ਼ਤ ਮਿਲ ਜਾਵੇਗੀ ਤਾਂ ਤੁਰੰਤ ਗੇਟ ਲਗਾ ਦਿੱਤਾ ਜਾਵੇਗਾ | ਉਨ੍ਹਾਂ ਭਿ੍ਸ਼ਟਾਚਾਰ ਵਿਚ ਲਿਪਤ ਹੋਣ ਦੇ ਲੱਗੇ ਦੋਸ਼ਾਂ ਦਾ ਵੀ ਖੰਡਨ ਕੀਤਾ |