ਹੁਸ਼ਿਆਰਪੁਰ, 27 ਅਪ੍ਰੈਲ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਅਰੋੜਾ ਵੰਸ਼ ਸਭਾ ਹੁਸ਼ਿਆਰਪੁਰ ਦੀ ਮੀਟਿੰਗ ਪ੍ਰਧਾਨ ਟਿੰਕੂ ਨਰੂਲਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਦੌਰਾਨ ਅਗਾਮੀ ਸਮਾਜਿਕ ਅਤੇ ਜਨਹਿੱਤ ਪ੍ਰੋਜੈਕਟਾਂ 'ਤੇ ਚਰਚਾ ਕੀਤੀ ਗਈ | ਮੈਂਬਰਾਂ ਨੇ ਸਮਾਜ ਸੇਵਾ ਦੇ ਨਾਲ-ਨਾਲ ਵਾਤਾਵਰਣ ਸੁਰੱਖਿਆ ਲਈ ਆਪਣੀ ਵਚਨਬੱਧਤਾ ਵੀ ਦੁਹਰਾਈ | ਟਿੰਕੂ ਨਰੂਲਾ ਨੇ ਕਿਹਾ ਕਿ ਅਰੋੜਾ ਵੰਸ਼ ਸਭਾ ਵੱਲੋਂ 'ਇੱਕ ਵਾਰੀ ਵਰਤੋਂ ਵਾਲੇ ਪਲਾਸਟਿਕ ਨੂੰ ਨਾਹ ਕਹੋ' ਅਭਿਆਨ ਮੁੜ ਵੱਡੇ ਪੱਧਰ 'ਤੇ ਸ਼ੁਰੂ ਕੀਤਾ ਜਾਵੇਗਾ | ਇਸ ਤਹਿਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ, ਬਜ਼ਾਰਾਂ, ਸਕੂਲਾਂ ਅਤੇ ਸਰਬਜਨਕ ਥਾਵਾਂ 'ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ | ਨਾਲ ਹੀ ਜੂਟ ਅਤੇ ਕੱਪੜੇ ਦੇ ਥੈਲੇ ਵੰਡ ਕੇ ਲੋਕਾਂ ਨੂੰ ਪਲਾਸਟਿਕ ਦੇ ਬਦਲ ਵੱਲ ਪ੍ਰੇਰਿਤ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਹੁਣ ਤੱਕ ਲਗਭਗ 2000 ਕੱਪੜੇ ਅਤੇ ਜੂਟ ਦੇ ਥੈਲੇ ਵੰਡੇ ਜਾ ਚੁੱਕੇ ਹਨ ਅਤੇ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ | ਸੰਜੀਵ ਅਰੋੜਾ ਨੇ ਕਿਹਾ ਕਿ ਅੱਜ ਸਿੰਗਲ ਯੂਜ਼ ਪਲਾਸਟਿਕ ਵਾਤਾਵਰਣ ਲਈ ਵੱਡੀ ਚੁਣੌਤੀ ਬਣ ਚੁੱਕੀ ਹੈ | ਪਲਾਸਟਿਕ ਦੇ ਲਿਫ਼ਾਫੇ, ਗਲਾਸ, ਪਲੇਟਾਂ, ਚਮਚ ਅਤੇ ਬੋਤਲਾਂ ਵਰਗੀਆਂ ਵਸਤਾਂ ਵਰਤੋਂ ਤੋਂ ਬਾਅਦ ਕੂੜੇ ਵਿੱਚ ਸੁੱਟ ਦਿੱਤੀਆਂ ਜਾਂਦੀਆਂ ਹਨ, ਜੋ ਸਾਲਾਂ ਤੱਕ ਨਸ਼ਟ ਨਹੀਂ ਹੁੰਦੀਆਂ | ਇਸ ਨਾਲ ਧਰਤੀ, ਪਾਣੀ ਅਤੇ ਹਵਾ ਤਿੰਨੇ ਪ੍ਰਦੂਸ਼ਿਤ ਹੁੰਦੇ ਹਨ | ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਨਾਲੀਆਂ ਅਤੇ ਸੀਵਰੇਜ ਦੇ ਜਾਮ ਹੋਣ ਦਾ ਵੱਡਾ ਕਾਰਨ ਪਲਾਸਟਿਕ ਕੂੜਾ ਹੈ, ਜੋ ਬਰਸਾਤ ਦੇ ਸਮੇਂ ਜਲਭਰਾਵ ਅਤੇ ਗੰਦਗੀ ਪੈਦਾ ਕਰਦਾ ਹੈ | ਇਸ ਤੋਂ ਇਲਾਵਾ ਗਊ ਮਾਤਾ ਅਤੇ ਹੋਰ ਆਵਾਰਾ ਪਸ਼ੂ ਕੂੜੇ ਵਿੱਚ ਪਿਆ ਪਲਾਸਟਿਕ ਖਾ ਲੈਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਗੰਭੀਰ ਬਿਮਾਰੀਆਂ ਹੋ ਜਾਂਦੀਆਂ ਹਨ ਅਤੇ ਕਈ ਵਾਰ ਮੌਤ ਵੀ ਹੋ ਜਾਂਦੀ ਹੈ | ਸੰਜੀਵ ਅਰੋੜਾ ਨੇ ਕਿਹਾ ਕਿ ਢਾਬਿਆਂ ਜਾਂ ਹੋਟਲਾਂ ਤੋਂ ਗਰਮ ਦਾਲ, ਸਬਜ਼ੀ ਆਦਿ ਪਲਾਸਟਿਕ ਦੇ ਲਿਫ਼ਾਫਿਆਂ ਵਿੱਚ ਨਹੀਂ ਲਿਆਉਣੀ ਚਾਹੀਦੀ | ਗਰਮ ਖਾਣਾ ਜਦੋਂ ਪਲਾਸਟਿਕ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਇਸ ਵਿੱਚ ਮੌਜੂਦ ਹਾਨੀਕਾਰਕ ਰਸਾਇਣ ਖਾਣੇ ਵਿੱਚ ਮਿਲ ਜਾਂਦੇ ਹਨ, ਜੋ ਸਿਹਤ ਲਈ ਬਹੁਤ ਨੁਕਸਾਨਦੇਹ ਹਨ ਅਤੇ ਲੰਬੇ ਸਮੇਂ ਵਿੱਚ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ | ਇਸ ਮੌਕੇ ਰਾਜਨ ਮਨਚੰਦਾ, ਸੁਰੇਸ਼ ਨਾਰੰਗ, ਗੌਰਵ ਖੱਟਰ, ਜਤਿੰਦਰ ਕੁਮਾਰ, ਕਮਲਪ੍ਰੀਤ ਸਿੰਘ, ਨਿਤੀਸ਼ ਅਰੋੜਾ, ਦੀਕਸ਼ਿਤ ਅਰੋੜਾ, ਵਿਸ਼ਾਲ ਅਰੋੜਾ, ਰਾਜੀਵ ਮਨਚੰਦਾ, ਸੁਨੀਲ ਮਖੀਜਾ, ਵਿਜੇ ਅਰੋੜਾ, ਸੂਰਜ ਅਰੋੜਾ, ਦਵਿੰਦਰ ਅਰੋੜਾ, ਰਾਜਕੁਮਾਰ ਮਲਿਕ, ਸੰਜੀਵ ਕਥੂਰਿਆ, ਪਵਨ ਅਰੋੜਾ, ਰਨਵੀਰ ਮੱਕੜ, ਅਮਨਦੀਪ ਸਿੰਘ, ਮਨੀ ਕਟਾਰੀਆ, ਆਸ਼ੀਸ਼ ਅਰੋੜਾ, ਅਰਵਿੰਦ ਅਰੋੜਾ ਆਦਿ ਹਾਜ਼ਰ ਸਨ |