ਚੱਬੇਵਾਲ, 2 ਮਈ (ਰਾਜੀਵ ਭਾਰਦਵਾਜ)-ਚੱਬੇਵਾਲ ਵਿਖੇ ਦਿਨ-ਦਿਹਾੜੇ ਛੇ ਬਦਮਾਸ਼ ਇਕ ਦੁਕਾਨਦਾਰ ਦੀ ਸੋਨੇ ਦੀ ਚੇਨ ਖੋਹ ਕੇ ਫ਼ਰਾਰ ਹੋ ਗਏ | ਮੌਕੇ ਤੋਂ ਮਿਲੀ ਜਾਣਕਾਰੀ ਅਤੇ ਆਸ ਪਾਸ ਦੁਕਾਨਾਂ ਦੀ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੇ ਅਨੁਸਾਰ ਦੁਪਹਿਰ ਕਰੀਬ 2 ਵਜੇ ਚੱਬੇਵਾਲ-ਭਾਮ ਰੋਡ 'ਤੇ ਭਾਰਤੀ ਸਟੇਟ ਬੈਂਕ ਦੇ ਸਾਹਮਣੇ ਹਾਰਡਵੇਅਰ ਦੀ ਦੁਕਾਨ 'ਤੇ ਪਹਿਲਾਂ ਦੋ ਲੜਕੇ ਸਾਮਾਨ ਲੈਣ ਦੇ ਬਹਾਨੇ ਆਏ, ਉਹ ਅਜੇ ਸਾਮਾਨ ਦੇਖ ਹੀ ਰਹੇ ਸਨ ਕਿ ਦੋ ਹੋਰ ਲੜਕੇ ਸਾਮਾਨ ਲੈਣ ਦੇ ਬਹਾਨੇ ਦੁਕਾਨ 'ਚ ਦਾਖਲ ਹੋ ਗਏ | ਜਦੋਂ ਉਹ ਚਾਰ ਲੜਕੇ ਸਾਮਾਨ ਦੇਖ ਰਹੇ ਸਨ ਤਾਂ ਦੁਕਾਨ ਦੇ ਬਾਹਰ ਇਕ ਲੜਕਾ ਮੋਟਰਸਾਈਕਲ ਚਾਲੂ ਕਰਕੇ ਤਿਆਰ ਖੜ੍ਹਾ ਸੀ, ਉਨ੍ਹਾਂ ਚਾਰ ਲੜਕਿਆਂ 'ਚੋਂ ਇਕ ਲੜਕੇ ਨੇ ਦੁਕਾਨਦਾਰ ਸੰਤੋਖ ਸਿੰਘ ਦੀ ਚੇਨ ਝਪਟੀ ਅਤੇ ਬਾਹਰ ਚਾਲੂ ਖੜ੍ਹੇ ਮੋਟਰਸਾਈਕਲ 'ਤੇ ਬੈਠ ਕੇ ਰਫ਼ੂ ਚੱਕਰ ਹੋ ਗਿਆ | ਇੰਨੇ ਨੂੰ ਪਿੱਛੇ ਤੋਂ ਇਕ ਕਾਰ ਆਈ ਅਤੇ ਬਾਕੀ ਤਿੰਨ ਲੜਕੇ ਉਸ ਕਾਰ 'ਚ ਸਵਾਰ ਹੋ ਕੇ ਉਥੋਂ ਭੱਜ ਗਏ |