ਟਾਂਡਾ ਉੜਮੁੜ, 3 ਮਈ (ਭਗਵਾਨ ਸਿੰਘ ਸੈਣੀ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਿਧਾਨ ਸਭਾ ਹਲਕਾ ਦਸੂਹਾ ਦੇ ਪਿੰਡ ਘੋਗਰਾ 'ਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਦੌਰਾ ਕਰਨ ਦਾ ਪ੍ਰੋਗਰਾਮ ਸੀ ਪਰ ਇਸ ਤੋਂ ਪਹਿਲਾਂ ਹੀ ਟਾਂਡਾ ਪੁਲਿਸ ਵਲੋਂ ਵੱਖ-ਵੱਖ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੂੰ ਘਰਾਂ ਵਿਚ ਹੀ ਨਜ਼ਰਬੰਦ ਕਰ ਲਿਆ ਗਿਆ | ਜਾਣਕਾਰੀ ਅਨੁਸਾਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ ਨੂੰ ਵੀ ਉਨ੍ਹਾਂ ਦੇ ਘਰ ਵਿਚ ਹੀ ਰੋਕ ਦਿੱਤਾ ਗਿਆ ਅਤੇ ਬਾਹਰ ਆਉਣ ਤੋਂ ਮਨ੍ਹਾਂ ਕਰ ਦਿੱਤਾ ਗਿਆ | ਇਸ ਕਾਰਵਾਈ ਦੀ ਖ਼ਬਰ ਮਿਲਦੇ ਹੀ ਵੱਡੀ ਗਿਣਤੀ 'ਚ ਕਿਸਾਨ ਉਨ੍ਹਾਂ ਦੇ ਘਰ ਦੇ ਬਾਹਰ ਇਕੱਠੇ ਹੋ ਗਏ | ਇਸ ਮੌਕੇ ਕਿਸਾਨਾਂ ਨੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਰੋਸ ਪ੍ਰਗਟ ਕਰਦੇ ਹੋਏ ਧਰਨਾ ਲਗਾਇਆ ਅਤੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੇ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ | ਇਸ ਮੌਕੇ ਪਰਮਜੀਤ ਸਿੰਘ ਭੁੱਲਾਂ ਨੇ ਆਖਿਆ ਕਿ ਪੰਜਾਬ ਸਰਕਾਰ ਵਲੋਂ ਗੰਨੇ ਦੀ ਅਦਾਇਗੀ 68 ਰੁਪਏ 50 ਪੈਸੇ ਦੇਣ ਦਾ ਜੋ ਵਾਅਦਾ ਕੀਤਾ ਸੀ ਉਹ ਅੱਜ ਤੱਕ ਕਿਸੇ ਵੀ ਕਿਸਾਨ ਦੇ ਖਾਤੇ 'ਚ ਨਹੀਂ ਆਏ ਸਾਲ 2025 ਤੇ ਹੁਣ ਗੜੇਮਾਰੀ ਨਾਲ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਉਸ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ | ਡੀ. ਏ. ਵੀ. ਖਾਦ ਦੀ ਕਮੀ ਨੂੰ ਪੂਰਾ ਕੀਤਾ ਜਾਵੇ ਅਤੇ ਬਿਜਲੀ ਦੇ ਕੱਟ ਬੰਦ ਕੀਤੇ ਜਾਣ | ਇਸ ਮੌਕੇ ਸੂਬਾਈ ਆਗੂ ਕੁਲਦੀਪ ਸਿੰਘ ਬੇਗੋਵਾਲ ਨੇ ਕਿਹਾ ਕਿ ਸਰਕਾਰ ਲੋਕਤੰਤਰਿਕ ਹੱਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਆਪਣੀ ਗੱਲ ਰੱਖਣ ਤੋਂ ਵੀ ਰੋਕਿਆ ਜਾ ਰਿਹਾ ਹੈ | ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਹ ਕਾਰਵਾਈਆਂ ਨਾ ਰੋਕੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਭੁੱਲਾ, ਸੂਬਾਈ ਆਗੂ ਕੁਲਦੀਪ ਸਿੰਘ ਬੇਗੋਵਾਲ ਤੋਂ ਇਲਾਵਾ ਦਵਿੰਦਰ ਸਿੰਘ ਕਾਹਲੋਂ, ਕਸ਼ਮੀਰ ਸਿੰਘ ਫੱਤਾ ਕੁੱਲਾ, ਨਿਸ਼ਾਨ ਸਿੰਘ ਫ਼ੌਜੀ ਕਾਲੋਨੀ, ਯਾਦਵਿੰਦਰ ਫੁੱਲ, ਗੁਰਦੀਪ ਕੰਗ, ਗੁਰਮੇਲ ਸਿੰਘ, ਸੁਖਬੀਰ ਸਿੰਘ ਨਰਵਾਲ, ਗੁਰਸੇਵਕ ਸਿੰਘ ਟਾਹਲੀ, ਬਸ਼ੀਰ ਮੁਹੰਮਦ, ਪ੍ਰਦੀਪ ਸੈਣੀ, ਸਵਰਨ ਕੌਰ, ਜਗਦੀਸ਼ ਸਿੰਘ ਰਾਣਾ, ਜਸਵਿੰਦਰ ਸਿੰਘ, ਭਿੰਦਾ ਬਾਜਵਾ, ਜੈਤੂਨ, ਸਤਨਾਮ ਸਿੰਘ ਅÏਲਖ, ਬੀਬੀ ਦੀਨਾ, ਜਗਦੀਸ਼ ਸਿੰਘ ਰਾਣਾ, ਸ਼ੇਰ ਸਿੰਘ ਤੇ ਹੋਰ ਕਿਸਾਨ ਭਾਰੀ ਗਿਣਤੀ ਵਿਚ ਮੌਜੂਦ ਸਨ |
ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ ਕਿਸਾਨ ਆਗੂਆਂ ਨੂੰ ਘਰਾਂ 'ਚ ਨਜ਼ਰਬੰਦ ਕਰਨ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ
ਅਜੀਤ ਡੈਸਕ
04-05-2026