ਹੁਸ਼ਿਆਰਪੁਰ, 3 ਮਈ (ਬਲਜਿੰਦਰਪਾਲ ਸਿੰਘ)-ਅੱਜ ਤੜਕੇ ਆਈ ਹਨੇਰੀ ਤੁਫ਼ਾਨ ਤੇ ਤੇਜ਼ ਮੀਂਹ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਇਸ ਦੇ ਨਾਲ ਹੀ ਕੁਝ ਹਾਦਸਿਆਂ ਨਾਲ ਕਾਫ਼ੀ ਨੁਕਸਾਨ ਵੀ ਹੋਇਆ | ਇਸ ਹਨੇ੍ਹਰੀ ਦੇ ਚੱਲਦਿਆਂ ਬਿਜਲੀ ਸਪਲਾਈ ਤੇ ਸੜਕੀ ਆਵਾਜਾਈ ਵੀ ਕਾਫ਼ੀ ਲੰਬਾ ਸਮਾਂ ਪ੍ਰਭਾਵਿਤ ਰਹੀ | ਸਵੇਰੇ ਲਗਪਗ 5 ਵਜੇ ਬਿਜਲੀ ਬੰਦ ਹੋਣ 'ਤੇ ਬਾਅਦ ਦੁਪਹਿਰ ਲਗਪਗ 12 ਵਜੇ ਬਿਜਲੀ ਸਪਲਾਈ ਚਾਲੂ ਹੋ ਸਕੀ | ਇਸ ਮੌਕੇ ਲੋਕਾਂ, ਬਿਜਲੀ ਵਿਭਾਗ ਤੇ ਪ੍ਰਸ਼ਾਸਨ ਵਲੋਂ ਦਰੱਖ਼ਤ ਅਤੇ ਬਿਜਲੀ ਦੇ ਖੰਭਿਆਂ ਨੂੰ ਹਟਾਉਣ ਲਈ ਜੱਦੋਜਹਿਦ ਜਾਰੀ ਸੀ, ਜਿਸ ਦੇ ਚੱਲਦਿਆਂ ਜਿਥੇ ਆਵਾਜਾਈ ਦੇਰ ਸ਼ਾਮ ਤੱਕ ਪ੍ਰਭਾਵਿਤ ਰਹੀ ਉਥੇ ਫੋਕਲ ਪੁਆਇੰਟ ਏਰੀਆ ਦੀ ਬਿਜਲੀ ਦੀ ਸਪਲਾਈ ਬੰਦ ਰਹੀ, ਜਿਸ ਦੇ ਚੱਲਦਿਆਂ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਇਸ ਤੋਂ ਇਲਾਵਾ ਹੋਰਨਾਂ ਥਾਵਾਂ 'ਤੇ ਵੀ ਹਨੇ੍ਹਰੀ ਤੇ ਤੁਫ਼ਾਨ ਦੇ ਚੱਲਦਿਆਂ ਘਟਨਾਵਾਂ ਹੋਈਆਂ, ਜਿਸ 'ਚ ਨੁਕਸਾਨ ਤੋਂ ਬਚਾਅ ਰਿਹਾ | ਸ਼ਹਿਰ ਦੇ ਫੋਕਲ ਪੁਆਇੰਟ ਇੰਡਸਟਰੀਅਲ ਏਰੀਆ 'ਚ ਇਕ ਵੱਡਾ ਹਾਦਸਾ ਹੋ ਗਿਆ | ਇਥੇ ਫੋਕਲ ਪੁਆਇੰਟ ਦੇ ਕੋਲ ਈ. ਐੱਸ. ਆਈ. ਹਸਪਤਾਲ ਦੇ ਨਜ਼ਦੀਕ ਦਰਖ਼ਤ ਡਿੱਗਣ ਨਾਲ ਤਿੰਨ ਬਿਜਲੀ ਦੇ ਖੰਭੇ ਡਿਗ ਗਏ ਤੇ ਆਪਣੀ ਐਕਟਿਵਾ 'ਤੇ ਫ਼ੈਕਟਰੀ ਨੂੰ ਜਾ ਰਹੇ ਇਲਾਕੇ ਦੇ ਉਦਯੋਗਪਤੀ ਅਤੇ ਸਮਾਜ ਸੇਵੀ ਹਰਭਾਗ ਸਿੰਘ ਤੁਲੀ ਖੰਭੇ ਦੀ ਲਪੇਟ 'ਚ ਆ ਗਏ ਅਤੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ | ਹਰਭਾਗ ਸਿੰਘ ਤੁਲੀ ਕੌਂਸਲਰ ਤੇ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਵੀ ਹਨ | ਕੁਲਦੀਪ ਸਿੰਘ ਧਾਮੀ ਤੇ ਦੀਪਕ ਯਾਦਵ ਨੇ ਦੱਸਿਆ ਕਿ ਇਹ ਘਟਨਾ ਸਵੇਰੇ ਲਗਪਗ 5 ਵਜੇ ਦੇ ਕਰੀਬ ਹੋਈ | ਉਨ੍ਹਾਂ ਦੱਸਿਆ ਅਚਾਨਕ ਤੇਜ਼ ਹਨੇਰੀ ਤੇ ਤੁਫ਼ਾਨ ਨਾਲ ਬਿਜਲੀ ਦੇ ਖੰਭੇ ਡਿਗ ਗਏ | ਸਥਾਨਕ ਲੋਕਾਂ ਨੇ ਬਿਜਲੀ ਵਿਭਾਗ ਤੇ ਪ੍ਰਸ਼ਾਸਨ 'ਤੇ ਕੰਮ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਹਨੇਰੀ ਨਾਲ ਹੀ ਜੇਕਰ ਖੰਭੇ ਡਿਗ ਪਏ ਹਨ ਤਾਂ ਤੇਜ਼ ਹਨੇਰੀ ਤੁਫ਼ਾਨ ਆਉਣ 'ਤੇ ਹਾਲਤ ਕਿਵੇਂ ਦੇ ਬਣਨਗੇ | ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ 'ਚ ਕੋਈ ਅਣਸੁਖਾਵੀਂ ਘਟਨਾਵਾਂ ਤੋਂ ਬਚਾਅ ਹੋ ਸਕੇ |
ਮੀਂਹ ਤੇ ਤੇਜ਼ ਹਨੇਰੀ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ ਦਰੱਖ਼ਤ ਡਿਗਣ ਨਾਲ ਆਵਾਜਾਈ ਤੇ ਬਿਜਲੀ ਸਪਲਾਈ ਪ੍ਰਭਾਵਿਤ
ਅਜੀਤ ਡੈਸਕ
04-05-2026