ਬੀਣੇਵਾਲ, 4 ਮਈ (ਬੈਜ ਚੌਧਰੀ)-ਬੀਤ ਇਲਾਕੇ 'ਚ ਹਿਮਾਚਲ ਪ੍ਰਦੇਸ਼ ਦੀ ਹੱਦ 'ਚ ਲੱਗੀ ਇਕ ਫ਼ੈਕਟਰੀ ਵਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਲੈ ਕੇ ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਇਲਾਕਾ ਬੀਤ ਵਲੋਂ ਕੀਤੇ ਲੰਬੇ ਸੰਘਰਸ਼ ਤੋਂ ਬਾਅਦ ਹੋਏ ਵਾਅਦੇ ਮੁਤਾਬਿਕ ਨਾ ਤਾਂ ਲੋਕਾਂ ਦੀ ਕੋਈ ਮੰਗ ਪੂਰੀ ਹੋਈ ਨਾ ਹੀ ਪ੍ਰਸ਼ਾਸਨ ਵਲੋਂ ਦਰਜ ਕੀਤੇ ਗਏ 2 ਝੂਠੇ ਪਰਚੇ ਹੀ ਪੁਲਿਸ ਵਲੋਂ ਰੱਦ ਕੀਤੇ ਗਏ, ਜਦਕਿ ਲਗਾਤਾਰ 84 ਦਿਨਾਂ ਤਕ ਚੱਲੇ ਧਰਨੇ ਦੀ ਸਮਾਪਤੀ ਮੌਕੇ ਧਰਨੇ ਵਾਲੀ ਥਾਂ 'ਤੇ ਹਾਜ਼ਰ ਹੋ ਕੇ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕਿਸ਼ਨ ਸਿੰਘ ਰੌੜੀ ਨੇ ਡੀ. ਸੀ. ਸੰਦੀਪ ਹੰਸ, ਐਸ. ਐਸ. ਪੀ. ਸਰਤਾਜ ਸਿੰਘ ਚਾਹਲ, ਸਮੇਤ ਸਮੁੱਚੇ ਜ਼ਿਲ੍ਹਾ ਪ੍ਰਸ਼ਾਸਨ ਦੀ ਹਾਜ਼ਰੀ 'ਚ ਕੁੱਝ ਕਾਗ਼ਜ਼ ਪਾੜ ਕੇ ਮੌਕੇ 'ਤੇ ਐਲਾਨ ਕੀਤਾ ਸੀ ਕਿ ਆਹ ਲਓ ਪਰਚੇ ਪਾੜ ਦਿੱਤੇ ਤੇ ਸਾਰੀਆਂ ਮੰਗਾਂ ਪ੍ਰਵਾਨ ਹੋ ਗਈਆਂ, ਪਰ ਤਿੰਨ ਸਾਲ ਤੇ ਸਤ ਮਹੀਨੇ ਬੀਤ ਜਾਣ ਦੇ ਬਾਅਦ ਵੀ ਨਾ ਤਾਂ ਪਰਚੇ ਰੱਦ ਹੋਏ ਤੇ ਨਾ ਹੀ ਕੋਈ ਮੰਗ ਪ੍ਰਵਾਨ ਹੋਈ | ਇਸ ਤੋਂ ਬਾਅਦ ਉਸ ਸਮੇਂ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ 26 ਅਕਤੂਬਰ 2022 ਨੂੰ ਰੈਸਟ ਹਾਊਸ ਗੜ੍ਹਸ਼ੰਕਰ 'ਚ ਧਰਨਾਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਧਰਨਾਕਾਰੀਆਂ ਨਾਲ ਹੋਏ ਸਮਝੌਤੇ ਮੁਤਾਬਿਕ ਪਰਚੇ ਖ਼ਤਮ ਕਰਨ ਤੇ ਸਾਰੀਆਂ ਮੰਗਾਂ ਪ੍ਰਵਾਨ ਕਰਨ ਲਈ ਸਹਿਮਤੀ ਬਣੀ | ਇਸ ਸੰਬੰਧੀ ਮਿਲੀ ਜਾਣਕਾਰੀ ਮੁਤਾਬਿਕ ਜਿਨ੍ਹਾਂ ਲੋਕਾਂ 'ਤੇ ਪਰਚੇ ਦਰਜ ਹਨ, ਉਨ੍ਹਾਂ 'ਚੋਂ ਬਹੁਤੇ ਪੰਚ, ਸਰਪੰਚ, ਸਾਬਕਾ ਸਰਪੰਚ, ਸੰਮਤੀ ਮੈਂਬਰ ਸ਼ਾਮਿਲ ਹਨ, ਜੋ ਕਿ ਇਲਾਕੇ ਦੇ ਇਕ ਦਰਜਨ ਪਿੰਡਾਂ ਦੇ ਮੁਹਤਬਰ ਲੋਕ ਹਨ | ਇਸ ਸੰਬੰਧੀ ਡੀ. ਐਸ. ਪੀ. ਦਲਜੀਤ ਸਿੰਘ ਖੱਖ ਨਾਲ ਵਾਰ-ਵਾਰ ਫ਼ੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਫ਼ੋਨ ਨਹੀਂ ਚੁੱਕਿਆ |