ਹੁਸ਼ਿਆਰਪੁਰ, 4 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਨਿਰਦੇਸ਼ਾਂ ਹੇਠ 4 ਤੋਂ 10 ਮਈ ਤੱਕ ਫਾਇਰ ਸੇਫ਼ਟੀ ਹਫ਼ਤਾ ਮਨਾਇਆ ਜਾ ਰਿਹਾ ਹੈ, ਜਿਸ ਦਾ ਉਦੇਸ਼ ਸਿਹਤ ਸੰਸਥਾਵਾਂ ਤੇ ਲੋਕਾਂ 'ਚ ਅੱਗ ਤੋਂ ਬਚਾਅ, ਐਮਰਜੈਂਸੀ ਤਿਆਰੀ ਤੇ ਸੁਰੱਖਿਆ ਉਪਾਵਾਂ ਬਾਰੇ ਵਿਆਪਕ ਜਾਗਰੂਕਤਾ ਪੈਦਾ ਕਰਨਾ ਹੈ | ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਮਨਦੀਪ ਕਮਲ ਨੇ ਦੱਸਿਆ ਕਿ ਇਸ ਹਫ਼ਤੇ ਦੌਰਾਨ ਸਾਰੇ ਸਰਕਾਰੀ ਤੇ ਨਿੱਜੀ ਸਿਹਤ ਕੇਂਦਰਾਂ 'ਚ ਫਾਇਰ ਸੇਫ਼ਟੀ ਪੋ੍ਰਟੋਕਾਲ ਦੀ ਪਾਲਣਾ ਯਕੀਨੀ ਬਣਾਉਣ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹੈ | ਉਨ੍ਹਾਂ ਦੱਸਿਆ ਕਿ ਇਸ ਹਫ਼ਤੇ ਦੌਰਾਨ ਹਸਪਤਾਲਾਂ, ਪ੍ਰਾਇਮਰੀ ਹੈਲਥ ਸੈਂਟਰਾਂ ਤੇ ਹੋਰ ਸਿਹਤ ਸੰਸਥਾਵਾਂ ਵਿਚ ਫਾਇਰ ਡਿ੍ਲਜ਼, ਐਮਰਜੈਂਸੀ ਇਵੈਕੂਏਸ਼ਨ ਅਭਿਆਸ ਤੇ ਸੁਰੱਖਿਆ ਉਪਕਰਨਾਂ ਦੀ ਜਾਂਚ ਕਰਵਾਈ ਜਾਵੇਗੀ | ਅੱਗ ਲੱਗਣ ਦੀ ਸਥਿਤੀ 'ਚ ਤੁਰੰਤ ਕਾਰਵਾਈ ਕਰਨ ਲਈ ਸਟਾਫ਼ ਨੂੰ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ 5, 6 ਤੇ 7 ਮਈ ਨੂੰ ਦੁਪਹਿਰ 3 ਤੋਂ 4 ਵਜੇ ਤੱਕ ਤਕਨੀਕੀ ਵੈਬੀਨਾਰ ਕਰਵਾਏ ਜਾਣਗੇ | ਇਨ੍ਹਾਂ 'ਚ ਮਾਹਿਰ ਵਿਅਕਤੀ ਫਾਇਰ ਸੇਫ਼ਟੀ ਮੈਨੇਜਮੈਂਟ, ਰਿਸਕ ਅਸੈਸਮੈਂਟ, ਐਮਰਜੈਂਸੀ ਰਿਸਪਾਂਸ ਤੇ ਸੁਰੱਖਿਆ ਉਪਕਰਨਾਂ ਦੀ ਸਹੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣਗੇ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰਾਂ ਤੇ ਕੰਮਕਾਜ ਵਾਲੀਆਂ ਥਾਵਾਂ 'ਤੇ ਅੱਗ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ, ਗੈੱਸ ਸਿਲੰਡਰ ਤੇ ਬਿਜਲੀ ਉਪਕਰਨਾਂ ਦੀ ਸੁਰੱਖਿਅਤ ਵਰਤੋਂ ਕਰਨ ਅਤੇ ਐਮਰਜੈਂਸੀ ਨੰਬਰਾਂ ਬਾਰੇ ਜਾਣਕਾਰੀ ਰੱਖਣ |