ਸੜੋਆ, 4 ਮਈ (ਹਰਮੇਲ ਸਹੂੰਗੜਾ)-ਸਿੱਖਿਆ ਪ੍ਰਣਾਲੀ ਵਿਚ ਲਗਾਤਾਰ ਸੁਧਾਰ ਅਤੇ ਸਿੱਖਿਆ ਕ੍ਰਾਂਤੀ ਦੇ ਵੱਡੇ ਦਾਵਿਆਂ ਦੇ ਬਾਵਜੂਦ ਜ਼ਮੀਨੀ ਹਕੀਕਤ ਕਾਫੀ ਚਿੰਤਾਜਨਕ ਬਣਦੀ ਜਾ ਰਹੀ ਹੈ | ਇਸ ਸਮੇਂ ਸਰਕਾਰੀ ਸਕੂਲਾਂ ਵਿਚ ਲੱਗੀਆਂ ਟ੍ਰੇਨਿੰਗਾਂ ਤੇ ਹੋਰ ਗੈਰ-ਅਕਾਦਮਿਕ ਡਿਊਟੀਆਂ ਦੇ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਗੰਭੀਰ ਅਸਰ ਪੈ ਰਿਹਾ ਹੈ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਦੇ ਵਿਦਿਆਰਥੀ ਬਿਨਾ ਅਧਿਆਪਕ ਤੋਂ ਜਮਾਤਾਂ ਵਿਚ ਬੈਠੇ ਦੇਖੇ ਗਏ ਹਨ ਜਦੋਂ ਕੁੱਝ ਬੱਚਿਆਂ ਨਾਲ ਗੱਲਬਾਤ ਕੀਤੀ ਤਾਂ ਬੱਚਿਆਂ ਨੇ ਦੱਸਿਆ ਕਿ ਸਕੂਲ ਅਧਿਆਪਕਾਂ ਦੀਆਂ ਡਿਊਟੀਆਂ ਲੱਗੀਆਂ ਹੋਣ ਕਰਕੇ ਅਸੀਂ ਪੜ੍ਹਾਈ ਨਹੀਂ ਕਰ ਰਹੇ ਹਾਂ ਤੇ ਵਿਹਲੇ ਬੈਠੇ ਹਾਂ ਇਹ ਵੀ ਦੇਖਿਆ ਗਿਆ ਕਿ ਬਹੁਤ ਸਾਰੇ ਬੱਚੇ ਵੱਖ-ਵੱਖ ਥਾਵਾਂ 'ਤੇ ਘੁੰਮਦੇ ਦੇਖੇ ਗਏ ਹਨ | ਕੁਝ ਇਲਾਕੇ ਦੇ ਮੁਹਤਬਰ ਵਿਅਕਤੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਨਗਣਨਾ ਵਿਚ ਡਿਊਟੀ ਮਾਸਟਰਾਂ ਦੀ ਨਹੀਂ ਲਗਾਉਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਬੱਚਿਆਂ ਦੀ ਪੜ੍ਹਾਈ 'ਤੇ ਬਹੁਤ ਬੁਰਾ ਅਸਰ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਜੇ ਅਧਿਆਪਕ ਸਕੂਲ ਵਿਚ ਹੋਣਗੇ ਤਾਂ ਹੀ ਬੱਚਿਆਂ ਦੀ ਪੜ੍ਹਾਈ ਹੋ ਸਕਦੀ ਹੈ | ਉਨ੍ਹਾਂ ਨਾਲ ਇਹ ਵੀ ਦੱਸਿਆ ਹੈ ਕਿ ਕਈ ਸਾਲਾਂ ਤੋਂ ਇਸ ਸਕੂਲ ਵਿਚ ਪਿ੍ੰਸੀਪਲ ਨਾ ਹੋਣ ਕਰਕੇ ਸਕੂਲ ਦੇ ਕੰਮ ਕਾਜਾਂ 'ਤੇ ਮਾੜਾ ਅਸਰ ਪੈ ਰਿਹਾ ਹੈ ਖਾਸ ਤੌਰ 'ਤੇ ਅਧਿਆਪਕ ਵਰਗ ਨੂੰ ਟ੍ਰੇਨਿੰਗ ਵਿਚ ਲਗਾਤਾਰ ਵਿਅਸਤ ਰੱਖਿਆ ਜਾ ਰਿਹਾ ਹੈ, ਜਿਸ ਕਾਰਨ ਸਕੂਲਾਂ ਵਿਚ ਨਿਯਮਿਤ ਪਾਠ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ | ਅਧਿਆਪਕਾਂ ਦੀ ਗੈਰ-ਹਾਜ਼ਰੀ ਜਾਂ ਧਿਆਨ ਵੰਡ ਜਾਣ ਨਾਲ ਵਿਦਿਆਰਥੀ ਆਪਣੀ ਰੋਜ਼ਾਨਾ ਦੀ ਸਿੱਖਿਆ ਤੋਂ ਵਾਂਝੇ ਰਹਿ ਰਹੇ ਹਨ |