ਹੁਸ਼ਿਆਰਪੁਰ, 5 ਮਈ (ਬਲਜਿੰਦਰਪਾਲ ਸਿੰਘ, (ਹਰਪ੍ਰੀਤ ਕੌਰ)-ਸਿਵਲ ਸਰਜਨ ਡਾ. ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਸ਼ਵ ਸਿਹਤ ਭਾਗੀਦਾਰ ਵਲੋਂ ਮੈਡੀਕਲ ਅਫ਼ਸਰਾਂ ਤੇ ਸਟਾਫ਼ ਨਰਸਾਂ ਲਈ ਬੱਚਿਆਂ ਦੀ ਟੀ. ਬੀ. ਸੰਬੰਧੀ ਟ੍ਰੇਨਿੰਗ ਵਰਕਸ਼ਾਪ ਲਗਾਈ ਗਈ | ਇਸ ਮੌਕੇ ਡਾ. ਸ਼ਕਤੀ ਸ਼ਰਮਾ ਡੀ. ਟੀ. ਓ., ਡਾ. ਨਵਜੋਤ ਸਿੰਘ ਐਸ. ਐਮ. ਓ. ਤੇ ਡਾ. ਨੇਹਾ ਪਾਲ ਐਸ. ਐਮ. ਓ. ਜ਼ਿਲ੍ਹਾ ਹਸਪਤਾਲ ਤੇ ਡਾ. ਸਤੀਸ਼ ਪੁੰਧੀਰ ਸੂਬਾ ਟੈਕਨੀਕਲ ਮੈਨੇਜਰ ਡਬਲਿਊ. ਐਚ. ਪੀ. ਦੀ ਖ਼ਾਸ ਹਾਜ਼ਰੀ ਰਹੀ | ਇਸ ਮੌਕੇ ਡਾ. ਸੁਪਰੀਤ ਤੇ ਡਾ. ਰਜਵੰਤ ਕੌਰ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਵਲੋਂ ਸਾਰੇ ਮੈਡੀਕਲ ਅਫ਼ਸਰਾਂ ਤੇ ਸਟਾਫ਼ ਨਰਸਾਂ ਨੂੰ ਟ੍ਰੇਨਿੰਗ ਦਿੱਤੀ ਗਈ ਤੇ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ | ਇਸ ਮੌਕੇ ਡਾ. ਸ਼ਕਤੀ ਸ਼ਰਮਾ ਵਲੋਂ ਸਾਰੇ ਮੈਡੀਕਲ ਅਧਿਕਾਰੀਆਂ ਨੂੰ ਟੀ. ਬੀ. ਸਕਰੀਨਿੰਗ ਦੇ ਮਾਪਦੰਡਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਉਨ੍ਹਾਂ ਨੇ ਬੱਚਿਆਂ 'ਚ ਟੀ. ਬੀ. ਦੀ ਸਮੇਂ-ਸਿਰ ਪਛਾਣ ਅਤੇ ਉਚਿਤ ਰੈਫਰਲ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਇਸ ਮੌਕੇ ਡਾ. ਸਤੀਸ਼ ਪੁੰਧੀਰ ਵਲੋਂ ਵੀ ਟੀ. ਬੀ. ਕੰਟਰੋਲ ਪ੍ਰੋਗਰਾਮ ਨੂੰ ਪ੍ਰਭਾਵਸ਼ੀਲ ਢੰਗ ਨਾਲ ਲਾਗੂ ਕਰਨ ਲਈ ਆਪਣੇ ਮਹੱਤਵਪੂਰਨ ਸੁਝਾਅ ਸਾਂਝੇ ਕੀਤੇ ਗਏ | ਇਸ ਮੌਕੇ ਦਵਿੰਦਰ ਸਿੰਘ ਜ਼ਿਲ੍ਹਾ ਪ੍ਰਾਜੈਕਟ ਮੈਨੇਜਰ, ਸੁਖਜੀਤ ਕੌਰ ਜ਼ਿਲ੍ਹਾ ਨਰਸ ਮੈਂਟਰ, ਨਰਿੰਦਰ ਸਿੰਘ ਤੇ ਹਰਜੀਤ ਸਿੰਘ ਜ਼ਿਲ੍ਹਾ ਪ੍ਰਾਜੈਕਟ ਕੋਆਰਡੀਨੇਟਰ ਆਦਿ ਹਾਜ਼ਰ ਸਨ |