ਦਸੂਹਾ, 5 ਮਈ (ਕੌਸ਼ਲ)ਦਸੂਹਾ ਬਲਾਕ ਸੰਮਤੀ ਦੀ ਪਹਿਲੀ ਮੀਟਿੰਗ ਚੇਅਰਪਰਸਨ ਡਿੰਪਲ ਕੌਰ ਦੀ ਅਗਵਾਈ ਹੇਠ ਹੋਈ, ਜਿਸ 'ਚ ਵਿਧਾਇਕ ਕਰਮਵੀਰ ਸਿੰਘ ਘੁੰਮਣ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਦੌਰਾਨ ਬਲਾਕ ਦੇ ਸਰਬਪੱਖੀ ਵਿਕਾਸ ਲਈ ਕਈ ਮਹੱਤਵਪੂਰਨ ਮਤੇ ਪਾਸ ਕੀਤੇ ਗਏ | ਮੀਟਿੰਗ 'ਚ ਸਭ ਤੋਂ ਵੱਡਾ ਫੈਸਲਾ ਪੁਰਾਣੀ ਕਚਹਿਰੀ ਵਾਲੀ ਜਗ੍ਹਾ 'ਤੇ ਜਲਦ ਨਵੀਂ ਮਾਰਕੀਟ ਬਣਾਉਣ ਸੰਬੰਧੀ ਲਿਆ ਗਿਆ, ਜਿਸ ਨਾਲ ਸਥਾਨਕ ਵਪਾਰ ਨੂੰ ਨਵਾਂ ਉਤਸ਼ਾਹ ਮਿਲੇਗਾ ਤੇ ਲੋਕਾਂ ਨੂੰ ਵਧੀਆ ਸਹੂਲਤਾਂ ਪ੍ਰਾਪਤ ਹੋਣਗੀਆਂ | ਇਸ ਦੇ ਨਾਲ ਹੀ ਪਿੰਡਾਂ ਦੇ ਵਿਕਾਸ ਕੰਮਾਂ ਨੂੰ ਤੇਜ਼ੀ ਨਾਲ ਕਰਨ ਲਈ ਵੀ ਕਈ ਪ੍ਰਸਤਾਵ ਮਨਜ਼ੂਰ ਕੀਤੇ ਗਏ | ਵਿਧਾਇਕ ਘੁੰਮਣ ਨੇ ਕਿਹਾ ਕਿ ਬਲਾਕ ਸੰਮਤੀ ਵਲੋਂ ਸ਼ਹਿਰ ਤੇ ਪਿੰਡਾਂ ਦੀ ਤਰੱਕੀ ਲਈ ਮਿਲਜੁਲ ਕੇ ਕੰਮ ਕੀਤਾ ਜਾਵੇਗਾ ਅਤੇ ਦਸੂਹਾ ਨੂੰ ਹੋਰ ਸੋਹਣਾ ਤੇ ਵਿਕਸਿਤ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ | ਉਨ੍ਹਾਂ ਭਰੋਸਾ ਦਿੱਤਾ ਕਿ ਸਰਕਾਰ ਵਲੋਂ ਹਰ ਪ੍ਰਕਾਰ ਦਾ ਸਹਿਯੋਗ ਦਿੱਤਾ ਜਾਵੇਗਾ | ਚੇਅਰਪਰਸਨ ਡਿੰਪਲ ਕੌਰ ਨੇ ਵੀ ਕਿਹਾ ਕਿ ਬਲਾਕ ਸੰਮਤੀ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉੱਤਰਨ ਲਈ ਵਚਨਬੱਧ ਹੈ ਤੇ ਵਿਕਾਸੀ ਪ੍ਰਾਜੈਕਟਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕੀਤਾ ਜਾਵੇਗਾ | ਇਸ ਮੌਕੇ ਵਾਈਸ ਚੇਅਰਮੈਨ ਗਗਨਦੀਪ ਸਿੰਘ ਚੀਮਾ, ਬੀ. ਡੀ. ਓ. ਗੁਰਮੀਤ ਚਾਹਲ, ਗੁਰਪ੍ਰੀਤ ਸਿੰਘ ਲਵਲੀ, ਪਰਮਜੀਤ ਸਿੰਘ ਗੋਗੀ, ਗੁਰਦੀਪ ਸਿੰਘ ਸੋਨੂੰ, ਹਰਮਨਦੀਪ ਸਿੰਘ ਘੁੰਮਣ, ਪਰਮਜੀਤ ਕੌਰ ਜੰਡੌਰ, ਰਿਪੁਦਮਨ ਕੌਰ, ਦੀਦਾਰ ਸਿੰਘ ਕਾਲਾ, ਊਸ਼ਾ ਦੇਵੀ, ਬਲਬੀਰ ਸਿੰਘ ਲੱਡੂ, ਸੁਖਵਿੰਦਰ ਕੌਰ ਸੰਧੂ, ਜਸਪਾਲ ਸਮੇਤ ਹੋਰ ਸੰਮਤੀ ਮੈਂਬਰਾਂ ਤੋਂ ਇਲਾਵਾ ਸਤਨਾਮ ਸਿੰਘ ਤੇ ਸੰਦੀਪ ਸਿੰਘ ਢਿੱਲੋਂ ਵੀ ਹਾਜ਼ਰ ਸਨ | ਮੀਟਿੰਗ ਦੌਰਾਨ ਸਭ ਨੇ ਇਕਸੁਰ ਹੋ ਕੇ ਦਸੂਹਾ ਦੇ ਵਿਕਾਸ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਇਲਾਕੇ ਵਿਚ ਵੱਡੇ ਬਦਲਾਅ ਦੀ ਉਮੀਦ ਜਤਾਈ ਜਾ ਰਹੀ ਹੈ |