ਸੇਂਟ ਸੋਲਜਰ ਲਾਅ ਕਾਲਜ 'ਚ ਡਿਗਰੀ ਵੰਡ ਸਮਾਗਮ ਕਰਵਾਇਆ
ਅਜੀਤ ਡੈਸਕ
07-05-2026
ਹੁਸ਼ਿਆਰਪੁਰ, 6 ਮਈ (ਬਲਜਿੰਦਰਪਾਲ ਸਿੰਘ)-ਸੇਂਟ ਸੋਲਜਰ ਗਰੁੱਪ ਵਲੋਂ 15ਵੇਂ ਦੀਕਸ਼ਾਂਤ ਸਮਾਰੋਹ ਕਰਵਾਇਆ ਗਿਆ | ਇਸ ਦੌਰਾਨ ਐਲ.ਐਲ.ਬੀ., ਬੀ.ਏ.ਐਲ.ਐਲ.ਬੀ., ਬੀ.ਕਾਮ ਐਲ.ਐਲ.ਬੀ., ਬੀ.ਬੀ.ਬੀ. ਐਲ.ਐਲ.ਬੀ., ਬੀ.ਏ. (ਲਾਅ), ਬੀ.ਕਾਮ (ਲਾਅ), ਬੀ.ਬੀ.ਏ. (ਲਾਅ), ਬੀ.ਏ, ਬੀ.ਕਾਮ, ਬੀ.ਪੀ.ਟੀ. ਅਤੇ ਬੀ.ਸੀ.ਏ. ਦੇ ਕੁੱਲ 200 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ਅਤੇ ਯੂਨੀਵਰਸਿਟੀ ਵਿਚ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਵਾਲੇ 7 ਵਿਦਿਆਰਥੀਆਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ ਤੇ ਸਵ. ਅਨਿਲ ਚੋਪੜਾ ਨੂੰ ਸ਼ਰਧਾ ਸੁਮਨ ਅਰਪਿਤ ਕੀਤੇ ਗਏ | ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਜਸਟਿਸ ਕੁਲਦੀਪ ਸਿੰਘ ਚੇਅਰਮੈਨ ਪੁਲਿਸ ਕੰਪਲੇਂਟ ਕਮੇਟੀ ਚੰਡੀਗੜ੍ਹ ਹਾਜ਼ਰ ਹੋਏ | ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਕਾਨੂੰਨੀ ਪੇਸ਼ੇ ਵਿਚ ਉੱਜਲ ਮੌਕਿਆਂ ਬਾਰੇ ਦੱਸਦੇ ਹੋਏ ਵਿਦਿਆਰਥੀਆਂ ਨੂੰ ਹਮੇਸ਼ਾਂ ਸਮੱਸਿਆਵਾਂ ਦਾ ਹੱਲ ਬਣਨ ਲਈ ਪ੍ਰੇਰਿਤ ਕੀਤਾ | ਆਪਣੇ ਸੰਦੇਸ਼ ਵਿਚ ਵਾਈਸ ਚੇਅਰਪਰਸਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜੇ ਤੁਹਾਨੂੰ ਕੋਈ ਰਾਹ ਨਹੀਂ ਮਿਲ ਰਿਹਾ ਤਾਂ ਆਪਣਾ ਰਾਹ ਖ਼ੁਦ ਬਣਾਓ | ਜਿੱਤਣ ਦੀ ਚਾਹ ਰੱਖਣ ਵਾਲੇ ਕਦੇ ਹਾਰ ਨਹੀਂ ਮੰਨਦੇ ਅਤੇ ਦੂਜਿਆਂ ਲਈ ਮਿਸਾਲ ਬਣਦੇ ਹਨ | ਇਸ ਮੌਕੇ ਮੈਨੇਜਿੰਗ ਡਾਇਰੈਕਟਰ ਪ੍ਰੋ. ਮਨਹਰ ਅਰੋੜਾ, ਲਾਅ ਕਾਲਜ ਡਾਇਰੈਕਟਰ ਡਾ. ਸੁਭਾਸ਼ ਸ਼ਰਮਾ, ਡਾਇਰੈਕਟਰ ਡਾ. ਵੀਨਾ ਦਾਦਾ ਵੀ ਮੌਜੂਦ ਰਹੇ |