ਹੁਸ਼ਿਆਰਪੁਰ, 6 ਮਈ (ਬਲਜਿੰਦਰਪਾਲ ਸਿੰਘ)-ਸਿਟਰਸ ਅਸਟੇਟ ਭੂੰਗਾ ਵਿਖੇ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਸੈਮੀਨਾਰ ਲਗਾਇਆ | ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਮੁੱਖ ਮਹਿਮਾਨ ਵਜੋਂ ਡਾ. ਉਰਮਿਲਾ ਫੁਟੇਲਾ ਪਿ੍ੰਸੀਪਲ ਸਾਇੰਟਿਸਟ ਤੇ ਮੁਖੀ ਮਾਈਕਰੋਬਾਇਲੋਜੀ ਵਿਭਾਗ, ਡਾ. ਪ੍ਰਤਿਭਾ ਵਯਾਸ ਸਹਾਇਕ ਪ੍ਰੋਫੈਸਰ ਮਾਈਕਰੋ-ਬਾਇਲੋਜੀ ਅਤੇ ਡਾ. ਜੁਪਿੰਦਰ ਕੌਰ ਮਾਈਕਰੋ-ਬਾਇਲੋਜਿਸਟ ਨੇ ਸ਼ਿਰਕਤ ਕੀਤੀ | ਇਸ ਮੌਕੇ ਮਾਹਿਰਾਂ ਨੇ ਕਿਸਾਨਾਂ ਨੂੰ ਰਸਾਇਣਿਕ ਖਾਦਾਂ ਦੀ ਵਰਤੋਂ ਘਟਾ ਕੇ ਜੈਵਿਕ ਖਾਦਾਂ ਜਿਵੇਂ ਕਿ ਫਾਸਫੋਰਸ, ਪੁਟਾਸ਼ ਅਤੇ ਜ਼ਿੰਕ ਸਾਲੂਬਲਾਈਜਿੰਗ ਬੈਕਟੀਰੀਆ, ਕੰਸੋਰਸ਼ੀਅਮ, ਅਜੋਟੋ ਬੈਕਟਰ ਆਦਿ ਅਪਣਾਉਣ 'ਤੇ ਜ਼ੋਰ ਦਿੱਤਾ | ਉਨ੍ਹਾਂ ਦੱਸਿਆ ਕਿ ਅਕਸਰ ਰਸਾਇਣਿਕ ਖਾਦਾਂ ਜ਼ਮੀਨ ਵਿਚ ਜਾ ਕੇ ਫਿਕਸ ਹੋ ਜਾਂਦੀਆਂ ਹਨ ਅਤੇ ਪੌਦਿਆਂ ਨੂੰ ਪੂਰੀ ਤਰ੍ਹਾਂ ਨਹੀਂ ਮਿਲ ਪਾਉਂਦੀਆਂ, ਪਰ ਜੈਵਿਕ ਖਾਦਾਂ ਦੀ ਵਰਤੋਂ ਨਾਲ ਮਿੱਟੀ 'ਚ ਜੰਮੇ ਇਹ ਪੋਸ਼ਕ ਤੱਤ ਦੁਬਾਰਾ ਘੁਲਣਸ਼ੀਲ ਬਣ ਕੇ ਪੌਦਿਆਂ ਨੂੰ ਆਸਾਨੀ ਨਾਲ ਉਪਲਬਧ ਹੋ ਜਾਂਦੇ ਹਨ | ਇਸ ਨਾਲ ਨਾ ਸਿਰਫ਼ ਜ਼ਮੀਨ ਦੀ ਸਿਹਤ ਅਤੇ ਉਪਜਾਊ ਸ਼ਕਤੀ ਸੁਧਰਦੀ ਹੈ, ਸਗੋਂ ਖੇਤੀ ਲਾਗਤ ਵਿਚ ਵੀ ਵੱਡੀ ਕਮੀ ਆਉਂਦੀ ਹੈ ਅਤੇ ਵਾਤਾਵਰਨ ਦੀ ਸੰਭਾਲ ਹੁੰਦੀ ਹੈ | ਇਸ ਮੌਕੇ ਡਾ: ਜਸਪਾਲ ਸਿੰਘ ਢੇਰੀ ਸੀ.ਈ.ਓ. ਸਿਟਰਸ ਅਸਟੇਟ ਭੂੰਗਾ ਨੇ ਕਿਸਾਨਾਂ ਦੀ ਸਹੂਲਤ ਲਈ ਐਲਾਨ ਕੀਤਾ ਕਿ ਇਹ ਸਾਰੀਆਂ ਜੈਵਿਕ ਖਾਦਾਂ ਹੁਣ ਸਿਟਰਸ ਅਸਟੇਟ ਭੂੰਗਾ ਵਿਖੇ ਹੀ ਮੁਹੱਈਆ ਕਰਵਾਈਆਂ ਜਾਣਗੀਆਂ, ਤਾਂ ਜੋ ਕਿਸਾਨਾਂ ਨੂੰ ਖ਼ੁਦ ਲੁਧਿਆਣਾ ਜਾਣ ਦੀ ਖੇਚਲ ਨਾ ਕਰਨੀ ਪਵੇ | ਇਸ ਮੌਕੇ ਲਖਬੀਰ ਸਿੰਘ ਬਾਗ਼ਬਾਨੀ ਵਿਕਾਸ ਅਫ਼ਸਰ ਭੂੰਗਾ ਨੇ ਬਾਗ਼ਬਾਨੀ ਵਿਭਾਗ ਪੰਜਾਬ ਵਲੋਂ ਦਿੱਤੀਆਂ ਜਾਣ ਵਾਲਿਆਂ ਸਕੀਮਾਂ ਦਾ ਲਾਭ ਲੈਣ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ | ਇਸ ਮੌਕੇ ਸਿਟਰਸ ਅਸਟੇਟ ਭੂੰਗਾ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਕਾਲੂਵਾਹਰ, ਸਮੂਹ ਸਟਾਫ ਤੇ ਬਲਾਕ ਦੇ ਅਗਾਂਹਵਧੂ ਕਿਸਾਨ ਸ਼ਾਮਿਲ ਸਨ |