ਹੁਸ਼ਿਆਰਪੁਰ, 6 ਮਈ (ਬਲਜਿੰਦਰਪਾਲ ਸਿੰਘ)-ਅੱਜ ਸ਼ਾਮ ਅਚਾਨਕ ਪਏ ਮੀਂਹ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਇਸ ਦੇ ਨਾਲ ਹੀ ਕਈ ਜਗ੍ਹਾ ਗੜ੍ਹੇਮਾਰੀ ਵੀ ਹੋਈ, ਜਿਸ ਦੇ ਚੱਲਦਿਆਂ ਤਾਪਮਾਨ 'ਚ ਕਾਫ਼ੀ ਕਮੀ ਆ ਗਈ | ਹਾਲਾਂਕਿ ਜ਼ਿਲ੍ਹੇ ਦੇ ਕਈ ਇਲਾਕਿਆਂ 'ਚ ਕਣਕ ਦੀ ਫ਼ਸਲ ਖੜ੍ਹੀ ਹੈ ਅਤੇ ਰੋਜ਼ਾਨਾ ਪੈ ਰਿਹਾ ਮੀਂਹ ਕਿਸਾਨਾਂ ਲਈ ਸਿਰਦਰਦੀ ਬਣਿਆ ਹੋਇਆ ਹੈ | ਮੀਂਹ ਦੇ ਨਾਲ ਚੱਲੀ ਤੇਜ ਹਵਾ ਨਾਲ ਕਈ ਇਲਾਕਿਆਂ 'ਚ ਕਣਕ ਦੀ ਫ਼ਸਲ ਡਿਗ ਜਾਣ ਕਾਰਨ ਕਿਸਾਨਾਂ ਦਾ ਆਰਥਿਕ ਨੁਕਸਾਨ ਵੀ ਹੋਇਆ | ਪਹਿਲਾਂ ਤੋਂ ਹੀ ਆਰਥਿਕ ਤੌਰ 'ਤੇ ਮੰਦਹਾਲੀ ਝੇਲ ਰਹੇ ਕਿਸਾਨਾਂ ਲਈ ਇਹ ਬੇਮੌਸਮਾਂ ਮੀਂਹ ਜਿੱਥੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਉੱਥੇ ਹੀ ਕਿਸਾਨਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਜੇਕਰ ਮੌਸਮ ਵਿਭਾਗ ਦੀ ਮੰਨੀਏ ਤਾਂ ਅਜੇ ਵੀ ਆਉਣ ਵਾਲੇ ਕੁੱਝ ਦਿਨਾਂ 'ਚ ਮੀਂਹ ਪੈਣ ਦਾ ਆਸਾਰ ਹਨ | ਦੂਸਰੇ ਪਾਸੇ ਬੀਜੀ ਗਈ ਸਿਆਲੂ ਮੱਕੀ ਅਤੇ ਹਰੇ ਚਾਰੇ ਲਈ ਇਹ ਮੀਂਹ ਵਰਦਾਨ ਸਾਬਤ ਹੋਵੇਗਾ ਜਿਸ ਨਾਲ ਫ਼ਸਲਾਂ ਨੂੰ ਮੌਸਮੀ ਬਿਮਾਰੀਆਂ ਅਤੇ ਕੀੜਿਆਂ ਤੋਂ ਰਾਹਤ ਮਿਲੇਗੀ |